SAS Nagar

ਐਸ.ਏ.ਐਸ.ਨਗਰ 26 ਅਗਸਤ ਨੂੰ ‘ਖੇਡਾਂ ਵਤਨ ਪੰਜਾਬ ਦੀਆ’ ਸੀਜ਼ਨ-2 ਦੇ ਮੱਦੇਨਜ਼ਰ ‘ਮਸ਼ਾਲ ਮਾਰਚ’ ਦਾ ਸਵਾਗਤ ਕਰੇਗਾ: ਡੀ.ਸੀ ਆਸ਼ਿਕਾ ਜੈਨ

ਐਸ.ਏ.ਐਸ.ਨਗਰ, 22 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ (SAS Nagar) ਵਿੱਚ 26 ਅਗਸਤ ਨੂੰ ‘ਖੇਡਾਂ ਵਤਨ ਪੰਜਾਬ ਦੀਆ’ ਸੀਜ਼ਨ-2 ਦੇ ਮੱਦੇਨਜ਼ਰ ”ਮਸ਼ਾਲ ਮਾਰਚ” ਕੱਢਿਆ ਜਾਵੇਗਾ।ਐਸ.ਏ.ਐਸ.ਨਗਰ ਤੋਂ ਫ਼ਤਹਿਗੜ੍ਹ ਸਾਹਿਬ ਜਾਣ ਵਾਲੇ ”ਮਸ਼ਾਲ ਮਾਰਚ” ਦੇ ਰੂਟ ਦੀ ਯੋਜਨਾ ਬਣਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ”ਮਸ਼ਾਲ ਮਾਰਚ” 25 ਅਗਸਤ ਦੀ ਸ਼ਾਮ ਨੂੰ ਰੂਪਨਗਰ ਜ਼ਿਲ੍ਹੇ ਤੋਂ ਜ਼ਿਲ੍ਹੇ ਵਿੱਚ ਪੁੱਜੇਗਾ।

ਮੀਟਿੰਗ ਵਿੱਚ ਏ ਡੀ ਸੀ (ਜ) ਵੀਰਾਜ ਐਸ ਤਿੜਕੇ, ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ ਤੋਂ ਇਲਾਵਾ ਏ ਸੀ (ਯੂ ਟੀ) ਡੇਵੀ ਗੋਇਲ ਅਤੇ ਖੇਡ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਜ਼ਿਲ੍ਹਾ ਹੈੱਡਕੁਆਰਟਰ ‘ਤੇ ਹੋਣ ਵਾਲੇ ”ਮਸ਼ਾਲ ਮਾਰਚ” ਵਿੱਚ ਸਥਾਨਕ ਉੱਘੇ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ”ਮਸ਼ਾਲ ਮਾਰਚ” ਦੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਅਧਿਕਾਰੀਆਂ ਨੂੰ ਖਿਡਾਰੀਆਂ, ਸਥਾਨਕ ਨੁਮਾਇੰਦਿਆਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਇਸ ਸਮਾਗਮ ਦਾ ਹਿੱਸਾ ਬਣਾਉਣ ਲਈ ਉਨ੍ਹਾਂ ਨਾਲ ਤਾਲਮੇਲ ਕਰਨ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ.ਨਗਰ (SAS Nagar) ਜਿਮਨਾਸਟਿਕ, ਤੈਰਾਕੀ ਅਤੇ ਕਿੱਕ ਬਾਕਸਿੰਗ ਦੇ ਫਾਈਨਲ ਮੁਕਾਬਲਿਆਂ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਮੁਕਾਬਲੇ ਕਰਵਾਏਗਾ। ਰਾਜ ਪੱਧਰੀ ਮੁਕਾਬਲੇ ਅਕਤੂਬਰ ਮਹੀਨੇ ਵਿੱਚ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ 63 ਅਤੇ 78 ਮੁਹਾਲੀ ਵਿਖੇ ਹੋਣਗੇ ਜਦਕਿ ਜ਼ਿਲ੍ਹਾ ਪੱਧਰੀ ਮੁਕਾਬਲੇ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ 63 ਅਤੇ 78 ਮੁਹਾਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3ਬੀ1 ਮੁਹਾਲੀ, ਲਰਨਿੰਗ ਪਾਥ ਸਕੂਲ ਸੈਕਟਰ 67, ਮੋਹਾਲੀ, ਸ਼ੈਮਰੌਕ ਸਕੂਲ ਸੈਕਟਰ 69, ਮੋਹਾਲੀ ਵਿਖੇ ਹੋਣਗੇ।

ਬਲਾਕ ਪੱਧਰੀ ਟੂਰਨਾਮੈਂਟ ਡੇਰਾਬੱਸੀ ਬਲਾਕ ਲਈ ਸਰਕਾਰੀ ਕਾਲਜ ਡੇਰਾਬੱਸੀ ਅਤੇ ਲਾਲੜੂ ਸਟੇਡੀਅਮ, ਜਦਕਿ ਮਾਜਰੀ ਬਲਾਕ ਲਈ ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ ਵਿਖੇ ਕਰਵਾਏ ਜਾਣਗੇ। ਮੋਹਾਲੀ ਬਲਾਕ ਦੇ ਮੁਕਾਬਲੇ ਬਹੁਮੰਤਵੀ ਖੇਡ ਕੰਪਲੈਕਸ ਸੈਕਟਰ 78, ਮੋਹਾਲੀ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਖਰੜ ਲਈ ਬਲਾਕ ਪੱਧਰੀ ਖੇਡ ਮੁਕਾਬਲੇ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਭਾਗੋ ਮਾਜਰਾ ਅਤੇ ਐਮ.ਸੀ ਸਟੇਡੀਅਮ ਖਰੜ ਵਿਖੇ ਕਰਵਾਏ ਜਾਣਗੇ।

ਬਲਾਕ ਪੱਧਰੀ ਟੂਰਨਾਮੈਂਟ ਲਈ ਤਿਆਰ ਕੀਤੇ ਗਏ ਖੇਡ ਕੈਲੰਡਰ ਅਨੁਸਾਰ ਇਹ 4 ਸਤੰਬਰ ਤੋਂ ਸ਼ੁਰੂ ਹੋ ਕੇ 9 ਸਤੰਬਰ ਤੱਕ ਮੁਕੰਮਲ ਕੀਤਾ ਜਾਵੇਗਾ ਜਦਕਿ ਜ਼ਿਲ੍ਹਾ ਪੱਧਰੀ ਖੇਡਾਂ 16 ਤੋਂ 26 ਸਤੰਬਰ, 2023 ਤੱਕ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਸਥਾਰਪੂਰਵਕ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਲਾਈਆਂ ਜਾਣਗੀਆਂ।

Scroll to Top