ਐਸ.ਏ.ਐਸ.ਨਗਰ, 18 ਅਗਸਤ, 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਵੇਰਕਾ ਦੇ ਮਿਆਰੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰੀ ਖੇਤਰਾਂ ਵਿੱਚ 88 ਹੋਰ ਵੇਰਕਾ ਬੂਥ (Verka booths) ਬਣਾਏ ਜਾਣਗੇ, ਇਹ ਜਾਣਕਾਰੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦਿੱਤੀ।
ਇਨ੍ਹਾਂ ਬੂਥਾਂ ਦੀ ਸਥਾਪਨਾ ਲਈ ਥਾਵਾਂ ਦੀ ਸ਼ਨਾਖਤ ਕਰਨ ਲਈ ਸਮੀਖਿਆ ਮੀਟਿੰਗ ਕਰਦਿਆਂ ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸ਼ਹਿਰੀ ਲੋਕਲ ਬਾਡੀਜ਼, ਗਮਾਡਾ, ਜ਼ਿਲ੍ਹਾ ਪੁਲੀਸ, ਜੰਗਲਾਤ ਅਤੇ ਪੀ ਐਸ ਪੀ ਸੀ ਐਲ ਦੇ ਅਧਿਕਾਰੀਆਂ ਨੂੰ ਇੱਕ ਹਫ਼ਤੇ ਵਿੱਚ ਸੂਚੀਆਂ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਵਾਉਣਾ ਹੈ।
ਆਸ਼ਿਕਾ ਜੈਨ ਨੇ ਕਿਹਾ ਕਿ ਵੇਰਕਾ ਬੂਥਾਂ ਦੀ ਸਥਾਪਨਾ ਦਾ ਸੰਕਲਪ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦਾ ਹੈ ਜੋ ਸੂਬੇ ਦੀ ਸਹਿਕਾਰਤਾ ਲਹਿਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਤਾਂ ਜੋ ਆਮ ਲੋਕਾਂ ਦੀ ਪਹੁੰਚ ਵਿੱਚ ਲਿਆ ਕੇ ਸਿਹਤਮੰਦ ਉਤਪਾਦ ਮੁੱਹਈਆ ਕਰਵਾ ਕੇ ਇਨ੍ਹਾਂ ਨੂੰ ਵਧੇਰੇ ਲਾਭਦਾਇਕ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ 88 ਬੂਥਾਂ (Verka booths) ਵਿੱਚੋਂ 40 ਗਮਾਡਾ ਦੀਆਂ ਥਾਵਾਂ ‘ਤੇ, 44 ਸ਼ਹਿਰੀ ਲੋਕਲ ਬਾਡੀਜ਼ ਦੀਆਂ ਥਾਵਾਂ ‘ਤੇ ਅਤੇ ਦੋ ਪੁਲਿਸ ਸਟੇਸ਼ਨਾਂ ‘ਤੇ ਅਲਾਟ ਕੀਤੇ ਜਾਣਗੇ। ਇਸੇ ਤਰ੍ਹਾਂ, ਇਸ ਮਕਸਦ ਲਈ ਜੰਗਲਾਤ ਅਤੇ ਪੀ ਐਸ ਪੀ ਸੀ ਐਲ ਵਿਭਾਗਾਂ ਦੀ ਥਾਂ ‘ਤੇ ਇਕ-ਇਕ ਜਗ੍ਹਾ ਨਿਰਧਾਰਤ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ ਲਈ ਮਾਮੂਲੀ ਕਿਰਾਇਆ ਨਿਰਧਾਰਤ ਕੀਤਾ ਜਾਵੇਗਾ ਤਾਂ ਜੋ ਬੂਥ ਅਪਰੇਟਰ ਆਪਣੇ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾ ਸਕਣ। ਉਨ੍ਹਾਂ ਕਿਹਾ ਕਿ ਬੂਥਾਂ ਦੀ ਅਲਾਟਮੈਂਟ ਵੇਰਕਾ ਦੇ ਪੱਧਰ ‘ਤੇ ਕੀਤੀ ਜਾਵੇਗੀ, ਜ਼ਿਲ੍ਹਾ ਪ੍ਰਸ਼ਾਸਨ ਸਿਰਫ਼ ਬੂਥ ਲਗਾਉਣ ਲਈ ਜਗ੍ਹਾ ਮੁਹੱਈਆ ਕਰਵਾਏਗਾ।
ਮੀਟਿੰਗ ਵਿੱਚ ਏ ਡੀ ਸੀ (ਯੂਡੀ) ਦਮਨਜੀਤ ਸਿੰਘ ਮਾਨ, ਏ ਸੀ ਏ ਗਮਾਡਾ, ਐਸ ਪੀ (ਐਚ) ਮਨਪ੍ਰੀਤ ਸਿੰਘ, ਡੀ ਐਫ ਓ ਕੰਵਰਦੀਪ ਸਿੰਘ, ਐਕਸੀਅਨ ਪਾਵਰਕਾਮ, ਈ ਓਜ਼ ਬਨੂੜ, ਜ਼ੀਰਕਪੁਰ, ਕੁਰਾਲੀ, ਖਰੜ, ਨਵਾਂਗਾਓਂ ਹਾਜ਼ਰ ਸਨ।