July 2, 2024 9:03 pm
ਮੁਫ਼ਤ ਚੈਕਅੱਪ

ਐੱਸ.ਏ.ਐੱਸ ਨਗਰ: ਦੰਦ ਪੰਦਰਵਾੜੇ ਦੌਰਾਨ ਮਰੀਜਾਂ ਤੇ ਸਕੂਲੀ ਬੱਚਿਆਂ ਦੇ ਦੰਦਾਂ ਦਾ ਹੋਵੇਗਾ ਮੁਫ਼ਤ ਚੈਕਅੱਪ

ਐੱਸ.ਏ.ਐੱਸ ਨਗਰ 03 ਅਕਤੂਬਰ 2023: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਨਿਗਰਾਨੀ ਅਤੇ ਸਿਵਲ ਸਰਜਨ ਮੋਹਾਲੀ ਡਾ. ਮਹੇਸ਼ ਆਹੂਜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਦੰਦਾਂ ਦੀ ਸਿਹਤ ਸਬੰਧੀ ਪੰਦਰਵਾੜੇ (dental check-up) ਦੀ ਸ਼ੁਰੂਆਤ ਕੀਤੀ ਗਈ।

ਐਸਐਮਓ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਦੰਦਾਂ ਦੀਆਂ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਇਸ ਪੰਦਰਵਾੜੇ (dental check-up) ਦੌਰਾਨ ਮੁਫ਼ਤ ਕੀਤਾ ਜਾਵੇਗਾ, ਜਦੋਂਕਿ ਸਕੂਲੀ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਆਰ.ਬੀ.ਐਸ.ਕੇ. ਟੀਮਾਂ ਵਲੋਂ ਕੀਤਾ ਜਾਵੇਗਾ। ਇਸ ਦਾ ਮਹੱਤਵ ਲੋਕਾਂ ਵਿਚ ਦੰਦਾਂ ਤੇ ਮੂੰਹ ਦੀ ਸਿਹਤ ਬਾਰੇ ਜਾਗਰੂਕਤਾ ਫੈਲਾਉਣਾ ਹੈ।

ਦੰਦਾਂ ਦੇ ਡਾਕਟਰ ਹਰਦੀਪ ਕੌਰ ਤੇ ਡਾ. ਰਿਤੂ ਭਾਟੀਆ ਨੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ ਅਤੇ ਕੁਦਰਤ ਦੀ ਅਨਮੋਲ ਦਾਤ ਹਨ ਅਤੇ ਬਚਪਨ ਤੋਂ ਹੀ ਦੰਦਾਂ ਦੀ ਸਾਂਭ ਸੰਭਾਲ ਕਰਨੀ ਜਰੂਰੀ ਹੈ। ਉਨ੍ਹਾਂ ਇਸ ਦੇ ਬਚਾਅ ਅਤੇ ਬੁਰਸ਼ ਕਰਨ ਦੇ ਠੀਕ ਤਰੀਕੇ ਵੀ ਦੱਸੇ ਤਾਂ ਜੋ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦਿਨ ਵਿਚ ਘੱਟੋ-ਘੱਟ ਦੋ ਵਾਰ ਨਰਮ ਬੁਰਸ਼ ਨਾਲ ਦੰਦਾਂ ਨੂੰ ਨਿਯਮਿਤ ਤੌਰ ‘ਤੇ ਸਾਫ਼ ਕਰਨਾ ਚਾਹੀਦਾ ਹੈ। ਔਰਤਾਂ ਨੂੰ ਗਰਭ ਅਵਸਥਾ ਦੌਰਾਨ ਮੂੰਹ ਤੇ ਦੰਦਾਂ ਦੀ ਠੀਕ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਅਤੇ ਬੱਚਾ ਸਿਹਤਮੰਦ ਹੋਵੇ। ਉਨ੍ਹਾਂ ਬਲਾਕ ਅਧੀਨ ਕਮਿਊਨਿਟੀ ਹੈਲਥ ਅਫਸਰਾਂ ਨੂੰ ਵੀ ਦੰਦ ਪੰਦਰਵਾੜਾ ਦੌਰਾਨ ਦੰਦਾਂ ਦੇ ਮਰੀਜਾਂ ਦੀ ਸ਼ਨਾਖਤ ਕਰਕੇ ਡਾਕਟਰ ਕੋਲ ਰੈਫਰ ਕਰਨ ਲਈ ਕਿਹਾ।

ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਮਹੱਤਵਪੂਰਨ ਤੌਰ ‘ਤੇ ਮੂੰਹ ਦੇ ਕੈਂਸਰ ਨੂੰ ਦੁਨੀਆ ਭਰ ਦੇ 10 ਸਭ ਤੋਂ ਆਮ ਕੈਂਸਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਪਾਨ ਮਸਾਲਾ, ਤੰਬਾਕੂ ਅਤੇ ਗੁਟਖਾ ਆਦਿ ਦੇ ਸੇਵਨ ਅਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ। ਸਾਲ ਵਿਚ ਇੱਕ ਵਾਰ ਦੰਦਾਂ ਦੇ ਡਾਕਟਰ ਤੋਂ ਆਪਣੇ ਮੂੰਹ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇਕਰ ਦੰਦਾਂ ਜਾਂ ਮੂੰਹ ਵਿਚ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ ਅਤੇ ਇਸ ਦਾ ਇਲਾਜ ਕੀਤਾ ਜਾ ਸਕੇ।