ਪੌਸ਼ਟਿਕ ਖੁਰਾਕ

ਐੱਸ.ਏ.ਐੱਸ ਨਗਰ: ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਕੌਮੀ ਪੌਸ਼ਟਿਕ ਖੁਰਾਕ ਹਫ਼ਤਾ ਮਨਾਇਆ

ਐੱਸ ਏ ਐੱਸ ਨਗਰ/ ਖਰੜ, 06 ਸਤੰਬਰ 2023: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਨਿਗਰਾਨੀ ਅਤੇ ਸਿਵਲ ਸਰਜਨ ਮੋਹਾਲੀ ਡਾ. ਮਹੇਸ਼ ਆਹੂਜਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਦੀ ਅਗਵਾਈ ਵਿਚ ਬਲਾਕ ਪੀ.ਐਚ.ਸੀ. ਘੜੂੰਆਂ ਵਿਖੇ ਅਤੇ ਇਸ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਲੋਂ ਕੌਮੀ ਪੌਸ਼ਟਿਕ ਖੁਰਾਕ ਹਫ਼ਤਾ ਮਨਾਇਆ ਗਿਆ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।

ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਪੌਸ਼ਟਿਕ ਖੁਰਾਕ ਹੀ ਸਿਹਤਮੰਦ ਜੀਵਨ ਦੀ ਨੀਂਹ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰ ਕੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਲੈਣੀ ਵਧੇਰੇ ਜ਼ਰੂਰੀ ਹੈ। ਨਵਜੰਮੇ ਬੱਚੇ ਤੋਂ ਬੁਢਾਪੇ ਤੱਕ ਪੌਸ਼ਟਿਕ ਖੁਰਾਕ ਦਾ ਵਿਸ਼ੇਸ਼ ਮਹੱਤਵ ਹੈ। ਚੰਗੀ ਖੁਰਾਕ ਦੀ ਘਾਟ ਕਾਰਨ ਹੀ ਦੁਨੀਆ ਵਿਚ ਕਾਫ਼ੀ ਗਿਣਤੀ ਵਿਚ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਰਹੇ ਹਨ ਤੇ ਘੱਟ ਭਾਰ ਵਾਲੇ ਪੈਦਾ ਹੋ ਰਹੇ ਹਨ। ਇਸ ਲਈ ਰੋਜ਼ਾਨਾ ਦੀ ਖੁਰਾਕ ਦਾ ਖਿਆਲ ਰੱਖਦਿਆਂ ਪੁੰਗਰੀਆਂ ਤੇ ਛਿਲਕੇ ਵਾਲੀਆਂ ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀਂ, ਲੱਸੀ ਤੇ ਸਲਾਦ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ।

ਮੈਡੀਕਲ ਅਫ਼ਸਰ ਡਾ. ਮਨਮੀਤ ਕੌਰ, ਡਾ. ਹਰਪ੍ਰੀਤ ਕੌਰ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਮਨੁੱਖ ਦੀ ਖੁਰਾਕ ਵਿਚ ਸਬਜ਼ੀਆਂ, ਫ਼ਲ, ਅਨਾਜ ਤੇ ਭਰਪੂਰ ਮਾਤਰਾ ਵਿਚ ਪ੍ਰੋਟੀਨ ਦਾ ਸੰਤੁਲਿਤ ਮਾਤਰਾ ਵਿਚ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਖੁਰਾਕ ਵਿਚ ਦੁੱਧ ਜਾਂ ਦੁੱਧ ਤੋਂ ਬਣੀਆਂ ਵਸਤਾਂ, ਹਰੀਆਂ ਸਬਜ਼ੀਆਂ ਤੇ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰਾਂ, ਹੈਲਥ ਤੇ ਵੈਲਨੈਸ ਸੈਂਟਰਾਂ ਤੇ ਸਬ ਸੈਂਟਰਾਂ ਦੇ ਸਟਾਫ ਅਤੇ ਆਸ਼ਾ ਵਰਕਰਾਂ ਵਲੋਂ ਵੱਖ ਵੱਖ ਥਾਵਾਂ ਉਤੇ ਬੱਚਿਆਂ, ਗਰਭਵਤੀ ਔਰਤਾਂ ਤੇ ਹੋਰ ਲੋਕਾਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ। ਪਿੰਡਾਂ ਵਿਚ ਪੇਂਡੂ ਸਿਹਤ ਸਫ਼ਾਈ ਤੇ ਖ਼ੁਰਾਕ ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਬਾਰੇ ਸਿੱਖਿਅਤ ਕੀਤਾ ਗਿਆ। ਇਸ ਮੌਕੇ ਏ.ਐਨ.ਐਮ. ਰੁਪਿੰਦਰ ਕੌਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸੁਖਵਿੰਦਰ ਸਿੰਘ ਕੰਗ, ਜਦਕਿ ਆਂਗਨਵਾੜੀ ਸੈਂਟਰ ਬਰੌਲੀ ਵਿਖੇ ਸੀ.ਐਚ.ਓ. ਜਸਵਿੰਦਰ ਕੌਰ, ਸਟਾਫ ਨਰਸ ਰਿਸ਼ਮਜੀਤ ਕੌਰ ਅਤੇ ਆਸ਼ਾ ਵਰਕਰ ਮੌਜੂਦ ਸਨ।

Scroll to Top