July 7, 2024 3:36 pm
ਅਧਿਆਪਕ ਮੁਅੱਤਲ

ਕਪੂਰਥਲਾ ‘ਚ ਵਿਕਾਸ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਸਰਪੰਚ ਤੇ ਪੰਚ ਮੁਅੱਤਲ

ਚੰਡੀਗੜ੍ਹ, 11 ਫਰਵਰੀ 2023: ਪੰਜਾਬ ਦੇ ਕਪੂਰਥਲਾ (Kapurthala) ‘ਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸ ਮੰਨੇ ਜਾਂਦੇ ਪਿੰਡ ਬੂਟ ਦੇ ਸਰਪੰਚ ਅਤੇ ਪੰਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਦਾ ਦੋਸ਼ ਹੈ ਕਿ ਪੰਚ ਨੇ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਬਜਾਏ ਪੰਚਾਇਤੀ ਜ਼ਮੀਨ ‘ਤੇ ਟਾਈਲਾਂ ਦੀ ਫੈਕਟਰੀ ਲਗਾ ਦਿੱਤੀ ਸੀ। ਇਸਦੇ ਨਾਲ ਹੀ ਵਿਕਾਸ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਬੀਡੀਪੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵੱਲੋਂ ਉਨ੍ਹਾਂ ਦੀ ਰਿਪੋਰਟ ਤੋਂ ਬਾਅਦ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪਿੰਡ ਬੂਟ ਦੇ ਲੋਕਾਂ ਨੇ ਸਰਪੰਚ ਰਾਜਪਾਲ ਸਿੰਘ ਅਤੇ ਪੰਚ ਬਲਵਿੰਦਰ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਡੀਡੀਪੀਓ ਕਪੂਰਥਲਾ ਨੇ ਵਿਭਾਗ ਨੂੰ ਸੂਚਿਤ ਕੀਤਾ ਸੀ ਕਿ ਰਾਜਪਾਲ ਸਿੰਘ ਸਰਪੰਚ ਗ੍ਰਾਮ ਪੰਚਾਇਤ ਬੂਟ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਸੁਭਾਨਪੁਰ-ਕਪੂਰਥਲਾ (Kapurthala) ਰੋਡ ’ਤੇ ਦੁਕਾਨਾਂ ਅਤੇ ਮਕਾਨ ਬਣੇ ਹੋਏ ਹਨ। ਇਸਦੇ ਨਾਲ ਹੀ ਪੰਚ ਬਲਵਿੰਦਰ ਸਿੰਘ ਨੇ ਟਾਈਲਾਂ ਦੀ ਫੈਕਟਰੀ ਲਗਾਈ ਹੋਈ ਹੈ।ਇਨ੍ਹਾਂ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਨੇ ਨਾਜਾਇਜ਼ ਕਬਜ਼ਾ ਕਰਕੇ ਪੰਚਾਇਤ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਰਾਜਪਾਲ ਸਿੰਘ ਸਰਪੰਚ ਅਤੇ ਬਲਵਿੰਦਰ ਸਿੰਘ ਪੰਚ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਸੀ। ਦੋਵਾਂ ਦੇ ਜਵਾਬ ਤਸੱਲੀਬਖਸ਼ ਨਾ ਹੋਣ ‘ਤੇ ਦੋਵਾਂ ‘ਤੇ ਕਾਰਵਾਈ ਕੀਤੀ ਗਈ ਹੈ। ਬੀਡੀਪੀਓ ਢਿਲਵਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਨਾਲ ਸਬੰਧਤ ਬੈਂਕ ਖਾਤੇ ਤੁਰੰਤ ਸੀਲ ਕੀਤੇ ਜਾਣ। ਬੀਡੀਪੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਾਰੇ ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ 7 ਪੰਚਾਂ ਦੀ ਸਹਿਮਤੀ ਨਾਲ ਕਾਰਜਕਾਰੀ ਸਰਪੰਚ ਦੀ ਚੋਣ ਕੀਤੀ ਜਾਵੇਗੀ।