ਸਰਦੂਲਗੜ੍ਹ , 20 ਜੁਲਾਈ 2023: ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ (Sardulgarh) ਦੇ ਇੱਕ ਪਿੰਡ ਭੱਲਣਵਾੜਾ ਵਿਖੇ ਘੱਗਰ ਦੇ ਵਿੱਚ ਇੱਕ ਹੋਰ ਪਾੜ ਪੈ ਚੁੱਕਿਆ ਹੈ, ਜਿਸ ਕਾਰਨ ਪਿੰਡ ਦੇ ਆਸ ਪਾਸ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਲੋਕ ਪਿੰਡ ਨੂੰ ਬਚਾਉਣ ਦੇ ਲਈ ਮਿੱਟੀ ਲਗਾਉਣ ਦੇ ਵਿੱਚ ਲੱਗੇ ਹੋਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਘੱਗਰ ਟੁੱਟਣ ਕਾਰਨ ਪਾਣੀ ਇੰਨਾ ਜ਼ਿਆਦਾ ਆਇਆ ਹੈ ਕਿ ਪਾਣੀ ਰੋਕਣਾ ਮੁਸ਼ਕਿਲ ਹੋ ਗਿਆ ਹੈ।
ਸਰਦੂਲਗੜ੍ਹ (Sardulgarh) ਦੇ ਵਿੱਚ ਘੱਗਰ ਲਗਾਤਾਰ ਆਪਣਾ ਕਹਿਰ ਵਰਪਾ ਰਿਹਾ ਹੈ ਅਤੇ ਨਜ਼ਦੀਕੀ ਕਈ ਪਿੰਡਾਂ ਨੂੰ ਘੱਗਰ ਨੇ ਆਪਣੀ ਚਪੇੜ ਦੇ ਵਿੱਚ ਲਿਆ ਹੈ। ਜਿਸ ਕਾਰਨ ਹੁਣ ਭੱਲਣਵਾੜਾ ਦੇ ਵਿੱਚ ਘੱਗਰ ਟੁੱਟਣ ਕਾਰਨ ਪਾਣੀ ਲਗਾਤਾਰ ਪਿੰਡ ਦੇ ਵਿੱਚ ਦਾਖਲ ਹੋ ਰਿਹਾ ਹੈ ਅਤੇ ਪਾਣੀ ਨੂੰ ਰੋਕਣ ਦੇ ਯਤਨ ਨਾਕਾਮ ਹੋ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਦੇਰ ਰਾਤ ਘੱਗਰ ਟੁੱਟਣ ਕਾਰਨ ਪਾਣੀ ਪਿੰਡ ਵਿੱਚ ਦਾਖਲ ਹੋਇਆ ਹੈ। ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿੰਡ ਵਾਸੀ ਰੇਖਾ ਰਾਣੀ ਕਿਰਨਾ ਕੌਰ ਨੇ ਦੱਸਿਆ ਕਿ ਘੱਗਰ ਟੁੱਟਣ ਕਾਰਨ ਪਾਣੀ ਘਰਾਂ ਦੇ ਵਿੱਚ ਆ ਗਿਆ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਇੱਕ ਗਰੀਬ ਪਰਿਵਾਰ ਨੇ ਮਹਿਜ ਇਕ ਮਹੀਨਾ ਪਹਿਲਾਂ ਹੀ ਘਰ ਬਣਾਇਆ ਸੀ |
ਜਿਹਨਾਂ ਦੇ ਘਰ ਦੇ ਵਿੱਚ ਪਾਣੀ ਆ ਗਿਆ ਹੈ ਕਿ ਉਨ੍ਹਾਂ ਨੂੰ ਆਪਣਾ ਸਮਾਨ ਬਾਹਰ ਕੱਢਣਾ ਪਿਆ ਹੈ ਅਤੇ ਨਿੱਕੇ ਨਿੱਕੇ ਬੱਚਿਆਂ ਨੂੰ ਦੇਰ ਰਾਤ ਬਚਾ ਕੇ ਨਿਕਲੇ ਹਨ, ਉਨ੍ਹਾਂ ਦੱਸਿਆ ਕਿ ਪਹਿਲਾਂ ਫੂਸ ਮੰਡੀ ਵਿਚ ਘੱਗਰ ਟੁੱਟਣ ਕਾਰਨ ਪਾਣੀ ਲਗਾਤਾਰ ਸ਼ਹਿਰ ਵੱਲ ਨੂੰ ਵਧ ਰਿਹਾ ਸੀ ਪਰ ਹੁਣ ਭੱਲਣਵਾੜਾ ਦੇ ਵਿੱਚ ਘੱਗਰ ਟੁੱਟਣ ਦੇ ਕਾਰਨ ਪਾਣੀ ਨੇ ਆਪਣਾ ਕਹਿਰ ਵਰਸਾ ਦਿੱਤਾ ਹੈ ਅਤੇ ਪਿੰਡ ਨੂੰ ਵੀ ਚਾਰੇ ਪਾਸਿਆਂ ਤੋਂ ਪਾਣੀ ਨੇ ਘੇਰ ਲਿਆ ਹੈ। ਉਨ੍ਹਾਂ ਕਿਹਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਥਾਨਕ ਵਿਧਾਇਕ ਵੱਲੋਂ ਪਿੰਡ ਵਾਸੀਆਂ ਦੀ ਮੱਦਦ ਕੀਤੀ ਜਾ ਰਹੀ ਤਾਂ ਕਿ ਮਿੱਟੀ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਪਾਣੀ ਨੂੰ ਰੋਕਿਆ ਜਾ ਸਕੇ।