ਚੰਡੀਗੜ੍ਹ/ਮੋਗਾ, 28 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਮੋਗਾ ਪੁਲਿਸ (MOGA POLICE) ਨਾਲ ਕੀਤੇ ਸਾਂਝੇ ਆਪ੍ਰੇਸ਼ਨ ਉਪਰੰਤ ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਸੰਤੋਖ ਸਿੰਘ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਿਰਮਲ ਸਿੰਘ ਉਰਫ਼ ਨਿੰਮਾ, ਅਪਰੇਲ ਸਿੰਘ ਉਰਫ਼ ਸ਼ੇਰਾ ਅਤੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 10 ਜਿੰਦਾ ਕਾਰਤੂਸਾਂ ਸਮੇਤ ਤਿੰਨ .32 ਕੈਲੀਬਰ ਪਿਸਤੌਲ ਅਤੇ ਅਪਰਾਧ ਵਿੱਚ ਵਰਤੀ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਚਾਰ ਹਮਲਾਵਰਾਂ ਨੇ 16 ਜੁਲਾਈ 2023 ਨੂੰ ਮੋਗਾ ‘ਚ ਸੰਤੋਖ ਸਿੰਘ ਦੇ ਘਰ ‘ਚ ਦਾਖਲ ਹੋ ਕੇ ਉਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਜਾਣਕਾਰੀ ਮਿਲਣ ਉਪਰੰਤ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏ.ਆਈ.ਜੀ. ਏ.ਜੀ.ਟੀ.ਐਫ. ਸੰਦੀਪ ਗੋਇਲ ਦੀ ਅਗਵਾਈ ਵਿੱਚ ਏ.ਜੀ.ਟੀ.ਐਫ. ਦੀ ਟੀਮ ਨੇ ਮੋਗਾ ਪੁਲਿਸ ਨਾਲ ਮਿਲ ਕੇ ਤਿੰਨ ਵਿਅਕਤੀਆਂ, ਜੋ ਸ਼ੂਟਰ ਹਨ ਅਤੇ ਨਾਮੀ ਗੋਪੀ ਡੱਲੇਵਾਲੀਆ ਗੈਂਗ ਨਾਲ ਸਬੰਧਤ ਹਨ, ਨੂੰ ਜਲੰਧਰ ਦੇ ਮਹਿਤਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਅਤੇ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਇਸ ਘਿਨਾਉਣੇ ਕਤਲ ਦੇ ਮਾਸਟਰਮਾਈਂਡ ਹਨ। ਉਨ੍ਹਾਂ ਦੱਸਿਆ ਕਿ ਬਦਮਾਸ਼ ਗੋਪੀ ਡੱਲੇਵਾਲੀਆ ਭਗੌੜਾ ਹੈ ਅਤੇ ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਅਸਲਾ ਐਕਟ ਆਦਿ ਵਰਗੇ 12 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫ.ਆਈ.ਆਰ. ਨੰ. 155 ਮਿਤੀ 16/07/2023 ਭਾਰਤੀ ਦੰਡਾਵਲੀ ਨਿਯਮ ਦੀ ਧਾਰਾ 302 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਮੋਗਾ ਵਿਖੇ ਕੇਸ ਪਹਿਲਾਂ ਹੀ ਦਰਜ ਕਰ ਲਿਆ ਗਿਆ ਹੈ।