ਸੁਲਤਾਨਪੁਰ ਲੋਧੀ, 20 ਅਪ੍ਰੈਲ 2024: ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਆਗੂਆਂ ਨਾਲ ਲੋਕ ਸਭਾ ਦੀਆਂ ਚੋਣਾਂ ਵਾਸਤੇ ਜਾਰੀ ਕੀਤੇ ਵਾਤਾਵਰਣ ਦੇ ਏਜੰਡੇ (Environmental agenda) ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰਨ ਲਈ ਮੁਲਾਕਤਾਂ ਕੀਤੀਆਂ।
ਆਪ ਦੇ ਕੌਮੀ ਜਨਰਲ ਸਕੱਤਰ, ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਸੰਜੈ ਸਿੰਘ ਨਾਲ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀਆਂ ਮੀਟਿੰਗਾਂ ਦੌਰਾਨ ਦੱਸਿਆ ਕਿ ਜਲਵਾਯੂ ਤਬਦੀਲੀ ਦੀ ਸਭ ਤੋਂ ਵੱਧ ਮਾਰ ਖੇਤੀ ਖੇਤਰ ’ਤੇ ਪੈ ਰਹੀ ਹੈ। ਉਨ੍ਹਾਂ ਦੋਵਾਂ ਆਗੂਆਂ ਨੂੰ ਲੋਕਾਂ ਦਾ ਚੋਣ ਮਨੋਰਥ ਪੱਤਰ ਸੌਂਪਦਿਆ ਕਿਹਾ ਕਿ ਦੇਸ਼ ਦੇ 310 ਜਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠਾਂ ਹਨ ਇੰਨ੍ਹਾਂ ਵਿੱਚੋਂ 9 ਜਿਲ੍ਹੇ ਪੰਜਾਬ, 8 ਜਿਲ੍ਹੇ ਹਿਮਾਚਲ ਪ੍ਰਦੇਸ਼ ਅਤੇ 11 ਜਿਲ੍ਹੇ ਹਰਿਆਣਾ ਦੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਕਾਰਨ ਇਸ ਦਾ ਸਭ ਤੋਂ ਵੱਧ ਮਾਰੂ ਪ੍ਰਭਾਵ ਖੇਤੀ ’ਤੇ ਪੈ ਰਿਹਾ ਹੈ।
ਆਪ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਸੰਤ ਸੀਚੇਵਾਲ ਨੂੰ ਭਰੋਸਾ ਦਿੱਤਾ ਕਿ ਉਹ ਵਾਤਾਵਰਣ ਦੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਪਾਰਟੀ ਦੇ ਨੀਤੀਗਤ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਗੇ। ਉਨ੍ਹਾ ਸੰਤ ਸੀਚੇਵਾਲ ਵੱਲੋਂ ਰਾਜ ਸਭਾ ਵਿੱਚ ਇਸ ਮੁੱੱਦੇ ਨੂੰ ਉਠਾਏ ਜਾਣ ਦਾ ਜ਼ਿਕਰ ਕਰਦਿਆ ਕਿਹਾ ਕਿ ਸੰਸਦ ਦੇ ਮਾਧਿਆਮ ਰਾਹੀ ਦੇਸ਼ ਦੇ ਲੋਕਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵ ਤੋਂ ਜਾਣੂ ਕਰਵਾਉਣ ਦਾ ਜਿਹੜਾ ਉਪਰਾਲਾ ਉਨ੍ਹਾਂ ਨੇ ਕੀਤਾ ਹੈ ਉਹ ਬਹੁਤ ਹੀ ਸਲਾਂਘਾਂ ਯੋਗ ਹੈ।
ਪਾਠਕ ਨੇ ਸੰਤ ਸੀਚੇਵਾਲ ਦਾ ਇਸ ਗੱਲ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਪੰਜਾਬ ਦੇ ਸੰਤ ਸਮਾਜ ਨੂੰ ਨਾਲ ਲੈਕੇ ਵਾਤਾਵਰਣ ਦੇ ਮੁੱਦੇ ਨੂੰ ਲੋਕ ਮੁੱਦਾ ਬਣਾ ਦਿੱਤਾ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਵੀ ਕੀਤੀ ਹੈ ਕਿ ਇਸ ਨੂੰ ਚੋਣ ਮੁੱਦਾ ਬਣਾਇਆ ਜਾਵੇ। ਸੰਦੀਪ ਪਾਠਕ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਵਾਤਾਵਰਣ ਦੇ ਮੁੱਦੇ (Environmental agenda) ਨੂੰ ਕੇਂਦਰ ਬਿੰਦੂ ਵਿੱਚ ਲੈਆਂਦਾ ਹੈ ਤੇ ਇਹ ਉਨ੍ਹਾਂ ਦੀ 40 ਸਾਲਾਂ ਦੀ ਕਠਨ ਤੱਪਸਿਆ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਬੁੱਢੇ ਦਰਿਆ ਨੁੰ ਸਾਫ਼ ਕਰਨ ਦਾ ਚਣੌਤੀਆਂ ਭਰਿਆ ਕਾਰਜ ਉਹਨਾਂ ਦੀ ਅਗਵਾਈ ਵਿੱਚ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਿੱਟੀ ਵੇਈਂ ਵਿੱਚ ਸਾਫ ਪਾਣੀ ਛੱਡਿਆ ਗਿਆ ਹੈ ਤੇ ਕਾਲੀ ਵੇਈਂ ਭਰ ਕੇ ਵੱਗਣ ਲੱਗ ਪਈ ਹੈ।
ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਵੀ ਭਰੋਸਾ ਦਿੱਤਾ ਕਿ ਪਾਰਟੀ ਵਾਤਾਵਰਣ ਦੇ ਮੁੱਦੇ ਨੂੰ ਆਪਣੇ ਚੋਣ ਏਜੰਡੇ ਦਾ ਹਿੱਸਾ ਬਣਾਏਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ’ਤੇ ਫਖ਼ਰ ਹੈ ਕਿ ਲੋਕਾਂ ਦੇ ਜੀਵਨ ਨਾਲ ਜੁੜੇ ਹਵਾ, ਪਾਣੀ ਤੇ ਸ਼ੁੱਧ ਖੁਰਾਕ ਵਰਗੇ ਮੁੱਦੇ ਸੰਤ ਸਮਾਜ ਉਠਾ ਰਿਹਾ ਹੈ, ਜਿਸ ਦੀ ਅਗਵਾਈ ਆਪ ਦੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕਰ ਰਹੇ ਹਨ।
ਉਧਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਸਮੇਂ ਸਾਨੂੰ ਇਹ ਭਰੋਸਾ ਦਿੱਤਾ ਸੀ ਕਿ ਪਾਰਟੀ ਉਨ੍ਹਾਂ ਨੂੰ ਚੋਣ ਰੈਲੀਆਂ ਜਾਂ ਚੋਣ ਪ੍ਰਚਾਰ ਲਈ ਕਦੇਂ ਵੀ ਜ਼ੋਰ ਨਹੀਂ ਪਾਵੇਗੀ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਸਮਾਜ ਸੇਵਾ ਤੇ ਖ਼ਾਸ ਕਰਕੇ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਇਹ ਲੋਕਾਂ ਦੇ ਜੀਵਨ ਨਾਲ ਤੇ ਬੱਚਿਆ ਦੇ ਭਵਿੱਖ ਨਾਲ ਜੁੜਿਆ ਹੋਇਆ ਮਾਮਲਾ ਹੈ।
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮਪਤਨੀ ਸੁਨੀਤਾ ਕੇਜਰੀਵਾਲ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ‘ਤੇ ਮੁਲਾਕਾਤ ਕੀਤੀ। ਸੰਤ ਸੀਚੇਵਾਲ ਨੇ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਦੀ ਸਿਹਤ ਬਾਬਤ ਜਾਣਕਾਰੀ ਹਾਸਲ ਕੀਤੀ ਉਥੇ ਨਾਲ ਹੀ ਕੇਜਰੀਵਾਲ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹ ਵਿੱਚ ਡੱਕਣਾ ਮੰਦਾ ਭਾਗਾ ਹੈ ਜਦ ਕਿ ਹਰ ਇੱਕ ਰਾਜਨੀਤਿਕ ਪਾਰਟੀ ਨੂੰ ਸੰਵਿਧਾਨ ਬਰਾਬਰ ਦੇ ਹੱਕ ਦਿੰਦਾ ਹੈ ਕਿ ਉਹ ਆਪਣੀਆਂ ਨੀਤੀਆਂ ਅਨੁਸਾਰ ਚੋਣ ਪ੍ਰਚਾਰ ਕਰ ਸਕਣ।