ਚੰਡੀਗੜ੍ਹ, 07 ਦਸੰਬਰ 2023: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਰਾਜ ਸਭਾ ਵਿੱਚ ਪੰਜਾਬ ਤੋਂ ਔਰਤਾਂ ਦੀ ਖਾੜੀ ਦੇਸ਼ਾਂ ਵਿੱਚ ਤਸਕਰੀ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਸਦਨ ਨੂੰ ਦੱਸਿਆ ਕਿ ਟਰੈਵਲ ਏਜੰਟ ਔਰਤਾਂ ਨੂੰ ਪੰਜਾਬ ਤੋਂ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਉੱਥੇ ਵੇਚ ਰਹੇ ਹਨ।
ਸੰਤ ਸੀਚੇਵਾਲ (Sant Balbir Singh Seechewal) ਨੇ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਅਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਉਹ ਖਾੜੀ ਦੇਸ਼ਾਂ ਦੀਆਂ 60 ਦੇ ਕਰੀਬ ਔਰਤਾਂ ਨੂੰ ਭਾਰਤ ਵਾਪਸ ਲੈ ਕੇ ਆਏ ਹਨ, ਜਿਨ੍ਹਾਂ ਨੂੰ ਉਥੇ ਵੇਚ ਦਿੱਤਾ ਗਿਆ ਸੀ। ਟਰੈਵਲ ਏਜੰਟ ਗਰੀਬ ਘਰਾਂ ਦੀਆਂ ਬਹੁਤ ਸਾਰੀਆਂ ਔਰਤਾਂ/ਕੁੜੀਆਂ ਨੂੰ ਫਸਾ ਕੇ ਟਰੈਵਲ ਵੀਜ਼ੇ ‘ਤੇ ਖਾੜੀ ਦੇਸ਼ਾਂ ‘ਚ ਵੇਚ ਰਹੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਵਾਪਸ ਆਉਣ ਵਾਲੀਆਂ ਲੜਕੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਨੇਪਾਲ ਅਤੇ ਹੋਰ ਦੇਸ਼ਾਂ ਦੀਆਂ ਔਰਤਾਂ ਵੀ ਸ਼ਾਮਲ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਗਿਰੋਹ ਅੰਤਰਰਾਸ਼ਟਰੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਔਰਤਾਂ ਨੂੰ ਇਰਾਕ ਵਰਗੇ ਦੇਸ਼ਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ, ਜਿੱਥੇ ਜਾਣਾ ਬਹੁਤ ਮੁਸ਼ਕਲ ਹੈ। ਸੰਤ ਸੀਚੇਵਾਲ ਨੇ ਆਪਣੇ ਦੇਸ਼ ਦੇ ਦੁਖੀ ਨਾਗਰਿਕਾਂ ਨੂੰ ਕੱਢਣ ਵਿੱਚ ਮੱਦਦ ਕਰਨ ਲਈ ਖਾੜੀ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਦਨ ਰਾਹੀਂ ਵਿਦੇਸ਼ ਮੰਤਰਾਲੇ ਨੂੰ ਇਸ ਗੰਦੇ ਧੰਦੇ ਵਿੱਚ ਸ਼ਾਮਲ ਟਰੈਵਲ ਏਜੰਟਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਦੇਸ਼ ਦੀਆਂ ਔਰਤਾਂ/ਲੜਕੀਆਂ ਨੂੰ ਵਿਦੇਸ਼ਾਂ ਵਿੱਚ ਵੇਚਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਅਤੇ ਸਜ਼ਾ ਦੇਣ ਦੀ ਬੇਨਤੀ ਵੀ ਕੀਤੀ ਹੈ ।