June 30, 2024 11:05 pm
Sant Balbir Singh Seechewal

ਡੱਲਾ ਸਾਹਿਬ ਦੇ ਬਹੁਪੱਖੀ ਵਿਕਾਸ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ

ਸੁਲਤਾਨਪੁਰ ਲੋਧੀ, 23 ਜੂਨ 2023: ਕੇਂਦਰ ਸਰਕਾਰ ਦੀਆਂ ਸਕੀਮਾਂ ਲਈ ਬਣੀ ਦਿਸ਼ਾ ਕਮੇਟੀ ਦੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਡੱਲਾ ਪਿੰਡ ਦੇ ਬਹੁਪੱਖੀ ਵਿਕਾਸ ਲਈ 50 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਡੀ.ਸੀ ਦਫਤਰ ਕਪੂਰਥਲਾ ਵਿੱਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤੀ।

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੀ ਹਾਜ਼ਰ ਸਨ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਡੱਲਾ ਸਾਹਿਬ ਇਕ ਇਤਿਹਾਸਿਕ ਪਿੰਡ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੁਣ ਲਈ ਆਏ ਸੀ। ਡੱਲਾ ਪਿੰਡ ਨੂੰ 72 ਬ੍ਰਹਮ ਗਿਆਨੀਆਂ ਤੇ ਹੋਰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਵੀ ਪ੍ਰਾਪਤ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਪਿੰਡ ਨੂੰ ਗੋਦ ਲ਼ਿਆ ਹੋਇਆ ਹੈ ਤੇ ਉੱਥੇ ਸੀਚੇਵਾਲ ਮਾਡਲ ਤਹਿਤ ਤਿੰਨਾਂ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਸਾਂਝਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਮੀਟਿੰਗ ਦੌਰਾਨ ਜਿਲ੍ਹੇ ਦੇ ਡੀ.ਸੀ ਕੈਪਟਨ ਕਰਨੈਲ ਸਿੰਘ ਨੇ ਮੰਗ ਕੀਤੀ ਕਿ ਸਿਹਤ ਸਹੂਲਤਾਂ ਲਈ ਜ਼ਿਲ੍ਹਾ ਹੈਡਕੁਆਟਰ ਦੇ ਸਿਵਲ ਹਸਪਤਾਲ ਵਿੱਚ ਡਿਜ਼ੀਟਲ ਐਕਸ-ਰੇ ਮਸ਼ੀਨ ਦੀ ਸਖਤ ਲੋੜ ਹੈ ਇਹ ਮਸ਼ੀਨ 12 ਲੱਖ ਦੀ ਆਵੇਗੀ। ਜਿਸਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਨੇ ਆਪਣੇ ਐਮ.ਪੀ.ਲੈੱਡ ਫੰਡ ਵਿੱਚੋਂ 12 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ।

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਮੀਟਿੰਗ ਦੌਰਾਨ ਹੀ ਜ਼ਿਲ੍ਹਾ ਕਪੂਰਥਲੇ ਦੇ ਵਿਕਾਸ ਵਾਸਤੇ 62 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਵੀ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਡਿਜ਼ੀਟਲ ਐਕਸ-ਰੇ ਮਸ਼ੀਨ ਆਉਣ ਨਾਲ ਡਿਜ਼ੀਟਲ ਸਿਹਤ ਸਹੂਲਤਾਂ ਵਿੱਚ ਵੱਡਾ ਸੁਧਾਰ ਆਵੇਗਾ।

ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਉਹ ਕੇਂਦਰ ਸਰਕਾਰ ਵੱਲੋਂ ਆਈਆਂ ਗਰਾਟਾਂ ਨੂੰ ਪਹਿਲ ਦੇ ਅਧਾਰ ਤੇ ਖਰਚ ਕਰਨ। ਉਹਨਾਂ ਜ਼ਿਲ੍ਹੇ ਵਿੱਚ ਬਣਾਏ ਜਾਣ ਵਾਲੇ 75 ਅੰਮ੍ਰਿਤ ਸਰੋਵਰ ਦੀ ਪ੍ਰਗਤੀ ਰਿਪੋਰਟ ਤੇ ਨਰਾਜ਼ਗੀ ਪ੍ਰਗਟਾਉਂਦਿਆ ਕਿਹਾਕਿ ਮੌਜੂਦਾ ਸਮੇਂ ਵਿੱਚ ਪਾਣੀ ਦਾ ਵੱਡਾ ਸੰਕਟ ਬਣਿਆ ਹੋਇਆ ਹੈ ਇਸਦੇ ਬਾਵਜੂਦ ਵੀ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਆਏ ਪ੍ਰੋਜੈਕਟ ਨੂੰ ਤਰਜੀਹ ਨਹੀ ਦਿੱਤੀ ਜਾ ਰਹੀ।

ਇਸ ਮੌਕੇ ਹਲਕਾ ਭੁੱਲਥ ਦੇ ਵਿਧਾਇਕ ਸੁਖਪਾਲ ਸਿੰਘ ਖੈਹਿਰਾ, ਵਧੀਕ ਡਿਪਟੀ ਕਮਿਸ਼ਨਰ ਕਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ, ਫਗਵਾੜੇ ਤੋਂ ਏ.ਡੀ.ਸੀ ਨਯਨ ਜੱਸਲ, ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਵਿੰਦਰ ਸਿੰਘ, ਸੁਲਤਾਨਪੁਰ ਲੋਧੀ ਤੋਂ ਐਸ.ਡੀ.ਐਮ ਚੰਦਰਾ ਜੋਯਤੀ, ਬੀ.ਡੀ.ਪੀ.ਓ ਸੇਵਾ ਸਿੰਘ ਆਦਿ ਹਾਜ਼ਰ ਸਨ।