ਸੰਜੀਵ ਅਰੋੜਾ

ਸੰਜੀਵ ਅਰੋੜਾ ਵੱਲੋਂ ਲੁਧਿਆਣਾ ਦੀਆਂ ਸੜਕਾਂ ਤੋਂ ਕੂੜਾ, ਲਾਵਾਰਿਸ ਵਾਹਨਾਂ ਨੂੰ ਹਟਾਉਣ ਦੇ ਹੁਕਮ

ਲੁਧਿਆਣਾ, 04 ਅਕਤੂਬਰ 2025: ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਨੇ ਬੀਤੇ ਦਿਨ ਲੁਧਿਆਣਾ ‘ਚ ਵੱਖ-ਵੱਖ ਬੁਨਿਆਦੀ ਢਾਂਚਾ ਅਤੇ ਨਾਗਰਿਕ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ-ਪੱਧਰੀ ਸਮੀਖਿਆ ਬੈਠਕ ਕੀਤੀ।

ਬੈਠਕ ਦੌਰਾਨ ਸੰਜੀਵ ਅਰੋੜਾ ਨੇ ਪ੍ਰੋਜੈਕਟ ਡਾਇਰੈਕਟਰ (ਐਨਐਚਏਆਈ) ਨੂੰ ਲੁਧਿਆਣਾ ‘ਚ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਸਰਵਿਸ ਲੇਨਾਂ ਦੀ ਤੁਰੰਤ ਮੁਰੰਮਤ ਸ਼ੁਰੂ ਕਰਨ ਦੇ ਹੁਕਮ ਦਿੱਤੇ। ਇਸ ਦੇ ਜਵਾਬ ‘ਚ ਪ੍ਰੋਜੈਕਟ ਡਾਇਰੈਕਟਰ (NHAI) ਨੇ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਲਈ 150 ਕਰੋੜ ਦੀ ਵੰਡ ਦੀ ਪੁਸ਼ਟੀ ਕੀਤੀ। ਜਲੰਧਰ ਬਾਈਪਾਸ ਦੇ ਨੇੜੇ ਵਾਹਨ ਅੰਡਰਪਾਸ ਦੀ ਪ੍ਰਗਤੀ ਬਾਰੇ ਵੀ ਅਪਡੇਟਸ ਸਾਂਝੇ ਕੀਤੇ।

ਕੈਬਿਨਟ ਮੰਤਰੀ ਨੇ ਨਗਰ ਨਿਗਮ ਅਤੇ ਕਮਿਸ਼ਨਰੇਟ ਪੁਲਿਸ ਨੂੰ ਲੁਧਿਆਣਾ-ਫਿਰੋਜ਼ਪੁਰ ਐਲੀਵੇਟਿਡ ਹਾਈਵੇਅ ਦੇ ਪਿੱਲਰਾਂ ਨੂੰ ਵਿਗਾੜਨ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰ ਨਿਗਮ ਨੂੰ ਸੜਕਾਂ ਤੋਂ ਕੂੜਾ-ਕਰਕਟ ਅਤੇ ਲਾਵਾਰਿਸ ਵਾਹਨਾਂ ਨੂੰ ਤੁਰੰਤ ਹਟਾਉਣ ਦੇ ਵੀ ਨਿਰਦੇਸ਼ ਦਿੱਤੇ।

ਸੰਜੀਵ ਅਰੋੜਾ ਨੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਵਾਲੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੇ ਕਈ ਹੋਰ ਰਣਨੀਤਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਲੁਧਿਆਣਾ-ਬਠਿੰਡਾ ਹਾਈਵੇਅ, ਲੁਧਿਆਣਾ-ਖਰੜ ਹਾਈਵੇਅ `ਤੇ ਮਿਸਿੰਗ ਲਿੰਕ, ਲੁਧਿਆਣਾ-ਰੋਪੜ ਕਨੈਕਟੀਵਿਟੀ ਅਤੇ ਐਲੀਵੇਟਿਡ ਹਾਈਵੇਅ ਦੇ ਨਾਲ ਪਾਰਕਿੰਗ ਸਹੂਲਤਾਂ ਦੇ ਵਿਕਾਸ ਨਾਲ ਸਬੰਧਤ ਚੱਲ ਰਹੇ ਕੰਮਾਂ ਦਾ ਵੀ ਮੁਲਾਂਕਣ ਕੀਤਾ।

ਇਸ ਤੋਂ ਇਲਾਵਾ ਮੰਤਰੀ ਨੇ 13 ਨਗਰ ਨਿਗਮਾਂ ‘ਚ ਬਿਜਲੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਪਹਿਲਕਦਮੀ ਦਾ ਜਾਇਜ਼ਾ ਵੀ ਲਿਆ, ਜਿਸ ‘ਚ 87 ਸਬ-ਡਿਵੀਜ਼ਨ ਸ਼ਾਮਲ ਹਨ, ਜਿਨ੍ਹਾਂ ‘ਚੋਂ ਲੁਧਿਆਣਾ ਦੇ ਸਿਵਲ ਲਾਈਨਜ਼ ਸਬ- ਡਿਵੀਜ਼ਨ ਲਈ ਟੈਂਡਰ 9 ਅਕਤੂਬਰ ਨੂੰ ਇੱਕ ਪਾਇਲਟ ਪ੍ਰੋਜੈਕਟ ਵਜੋਂ ਖੁੱਲ੍ਹਣਗੇ। ਇਸ ਪ੍ਰੋਜੈਕਟ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਬਿਜਲੀ ਦੇ ਕੱਟਾਂ ਨੂੰ ਘੱਟਾਉਣਾ ਹੈ। ਮੰਤਰੀ ਅਰੋੜਾ ਨੇ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਜ਼ੋਨਲ ਕਮਿਸ਼ਨਰ, ਨਗਰ ਨਿਗਮ ਨੂੰ ਐਮਪੀਐਲਏਡੀ ਸਕੀਮ ਅਧੀਨ ਲੰਬਿਤ ਕੰਮਾਂ ‘ਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।

Read More: ਪੰਜਾਬ ‘ਚ ‘ਆਪ’ ਸਰਕਾਰ ਬਣਨ ਤੋਂ ਬਾਅਦ 1.25 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ: ਸੰਜੀਵ ਅਰੋੜਾ

Scroll to Top