ਚੰਡੀਗੜ੍ਹ, 30 ਜੂਨ 2023: ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੰਜੇ ਮਿਸ਼ਰਾ ਆਪਣੇ ਕੰਮ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਕਦੇ ਨਹੀਂ ਛੱਡਦੇ। ਇਸ ਸਮੇਂ ਸੰਜੇ ਮਿਸ਼ਰਾ ਆਪਣੀ ਲਘੂ ਫ਼ਿਲਮ ‘ਗਿੱਧ ਦ ਸਕੈਵੇਂਜਰ’ (Giddh) ਕਰਕੇ ਕਾਫੀ ਚਰਚਾਵਾਂ ‘ਚ ਹਨ। ਦਰਅਸਲ, ਉਨ੍ਹਾਂ ਦੀ ਇਸ ਲਘੂ ਫ਼ਿਲਮ ਨੇ ਪ੍ਰਸਿੱਧ ‘ਸ਼ਾਰਟ ਸ਼ਾਰਟਸ ਫੈਸਟੀਵਲ’ ਅਤੇ ‘ਏਸ਼ੀਆ 2023’ ਵਿੱਚ ਏਸ਼ੀਆ ਇੰਟਰਨੈਸ਼ਨਲ ਮੁਕਾਬਲਾ ਜਿੱਤ ਲਿਆ ਹੈ। ‘ਗਿੱਧ’ ਐਲੀਨਾਰ ਫਿਲਮਜ਼ ਦੁਆਰਾ ਬਣਾਈ ਗਈ ਹੈ। ‘ਗਿੱਧ’ ਦਾ ਨਿਰਦੇਸ਼ਨ ਨੈਸ਼ਨਲ ਅਵਾਰਡ ਜੇਤੂ ਨਿਰਦੇਸ਼ਕ ਮਨੀਸ਼ ਸੈਣੀ ਨੇ ਕੀਤਾ ਹੈ।
ਇਸ ਦੇ ਨਾਲ ਹੀ ਸਰਵੋਤਮ ਫ਼ਿਲਮ ਦਾ ਖ਼ਿਤਾਬ ਜਿੱਤਣ ਮਗਰੋਂ ‘ਗਿੱਧ’ (Giddh) ਆਸਕਰ ਲਈ ਵੀ ਕੁਆਲੀਫਾਈ ਕਰ ਚੁੱਕੀ ਹੈ। ਸੰਜੇ ਮਿਸ਼ਰਾ ਨੂੰ ‘ਸਰਵੋਤਮ ਅਦਾਕਾਰ’ ਪੁਰਸਕਾਰ ਵੀ ਮਿਲਿਆ ਹੈ। ਐਵਾਰਡ ਜਿੱਤਣ ਮਗਰੋਂ ਪ੍ਰਸ਼ੰਸਕ ਉਨ੍ਹਾਂ ਦੀਆਂ ਤਾਰੀਫਾਂ ਕਰ ਰਹੇ ਨੇ ਤੇ ਇਸ ਉਪਲੱਬਦੀ ਲਈ ਉਨ੍ਹਾਂ ਨੂੰ ਵਧਾਈਆਂ ਵੀ ਮਿਲ ਰਹੀਆਂ ਹਨ। ‘ਗਿੱਧ’ ਨੂੰ ਪਹਿਲਾਂ ਯੂ.ਐਸ.ਏ. ਫਿਲਮ ਫੈਸਟੀਵਲ 2023 ਦੀ ਜਿਊਰੀ ਦੁਆਰਾ ਫਾਈਨਲਿਸਟ ਵਜੋਂ ਵੀ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਇਹ ਲਘੂ ਫਿਲਮ ‘ਐਲਏ ਸ਼ਾਰਟਸ ਇੰਟਰਨੈਸ਼ਨਲ ਫਿਲਮ ਫੈਸਟੀਵਲ 2023’ ਵਿੱਚ ਵੀ ਦਿਖਾਈ ਗਈ ਸੀ।
ਸੰਜੇ ਮਿਸ਼ਰਾ ਦੀ ਇਹ ਫ਼ਿਲਮ ਸਮਾਜ ਦੀਆਂ ਬਹੁਤ ਸਾਰੀਆਂ ਕਠੋਰ ਹਕੀਕਤਾਂ ਬਾਰੇ ਗੱਲ ਕਰਦੀ ਹੈ, ਜਿਨ੍ਹਾਂ ਤੋਂ ਮੂੰਹ ਫੇਰ ਲਿਆ ਜਾਂਦਾ ਹੈ। ਸੰਜੇ ਨੇ ਇਸ ਸਭ ਤੋਂ ਬਾਅਦ ਕਿਹਾ ਕਿ, “ਅਸੀਂ ਚੁਣੌਤੀਆਂ ਦਾ ਸਾਹਮਣਾ ਕਰਕੇ ਫ਼ਿਲਮ ‘ਚ ਆਪਣਾ ਦਿਲ ਲਗਾਇਆ। ਹੁਣ ਸਾਨੂੰ ਉਸ ਦਾ ਜਾਦੂ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਵੀ ਮੈਂ ਇਸ ਪ੍ਰੋਜੈਕਟ ਵਿੱਚ ਕੀਤੀ ਮਿਹਨਤ ਅਤੇ ਅਟੁੱਟ ਸਮਰਪਣ ਨੂੰ ਮੁੜ ਕੇ ਦੇਖਦਾ ਹਾਂ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਸਾਡੀ ਸਖਤ ਮਿਹਨਤ ਨੂੰ ਇਹ ਸਨਮਾਨ ਮਿਲਣ ‘ਤੇ ਅਸੀਂ ਸਭ ਬੇਹੱਦ ਖੁਸ਼ ਹਾਂ।