ਚੰਡੀਗੜ੍ਹ, 11 ਸਤੰਬਰ 2024: ਸੋਸ਼ਲ ਮੀਡੀਆ ‘ਤੇ ਇਕ ਕੁੜੀ ਦੇ ਨਾਂ ਦੀ ਫਰਜ਼ੀ ਆਈਡੀ ਬਣਾ ਕੇ ਨੌਜਵਾਨ ਨੂੰ ਸੰਗਰੂਰ (Sangrur) ਸੱਦਿਆ ਗਿਆ ਤਾਂ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਕਤ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਇੱਥੇ ਹੀ ਨਹੀਂ ਰੁਕੇ, ਇਸ ਤੋਂ ਬਾਅਦ ਜਦੋਂ ਜ਼ਖਮੀ ਨੌਜਵਾਨ ਮਨਪ੍ਰੀਤ ਇਲਾਜ ਲਈ ਹਸਪਤਾਲ ਗਿਆ ਤਾਂ ਹਮਲਾਵਰਾਂ ਨੇ ਉਸ ‘ਤੇ ਐਮਰਜੈਂਸੀ ਵਾਰਡ ‘ਚ ਮੁੜ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਹੈ। ਪੁਲਿਸ ਮੁਤਾਬਕ 5 ਤੋਂ 6 ਬਦਮਾਸ਼ਾਂ ਨੇ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਇਸ ਹਮਲੇ ‘ਚ ਪੀੜਤ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਕਿਹਾ ਗਿਆ ਛੇਤੀ ਹੀ ਮੁਲਜਮਾਂ ਨੂੰ ਫੜ ਲਿਆ ਜਾਵੇਗਾ।