Sangrur: BJP ਆਗੂ ਦੇ ਗੰਨਮੈਨ ਦੀ ਮੌ.ਤ, ਭੇਤ ਭਰੇ ਹਾਲਾਤਾਂ ’ਚ ਮਿਲੀ ਲਾ.ਸ਼

ਭਵਾਨੀਗੜ੍ਹ 14 ਅਕਤੂਬਰ 2024: ਸੰਗਰੂਰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਐੱਫ.ਸੀ.ਆਈ. ਦੇ ਡਾਇਰੈਕਟਰ ਸੀਨੀਅਰ ਭਾਜਪਾ ਆਗੂ ਜੀਵਨ ਕੁਮਾਰ ਗਰਗ ਦੇ ਸਰਕਾਰੀ ਗੰਨਮੈਨ ਦੀ ਭੇਤ ਭਰੇ ਹਾਲਾਤਾਂ ’ਚ ਉਸ ਦੀ ਨਿੱਜੀ ਗੱਡੀ ’ਚ ਲਾਸ਼ ਪ੍ਰਾਪਤ ਹੋਈ ਹੈ। ਗੰਨਮੈਨ ਦੇ ਮੱਥੇ ‘ਚ ਗੋਲ਼ੀ ਲੱਗੀ ਹੋਈ ਸੀ ਤੇ ਉਸ ਦੀ ਲਾਸ਼ ਉਸ ਦੀ ਨਿੱਜੀ ਗੱਡੀ ਦੀ ਡਰਾਇਵਰ ਸੀਟ ਤੋਂ ਮਿਲੀ ਹੈ ਤੇ ਉਸ ਦੀ ਸਰਕਾਰੀ ਕਾਰਬਾਈਨ ਵੀ ਉਸ ਦੇ ਕੋਲ ਮੌਜੂਦ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਗਰਗ ਨੇ ਦੱਸਿਆ ਕਿ ਉਸ ਦਾ ਸਰਕਾਰੀ ਗੰਨਮੈਨ ਪੰਜਾਬ ਪੁਲਿਸ ਦਾ ਕਾਂਸਟੇਬਲ ਨਵਜੋਤ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦਾ ਗੰਨਮੈਨ ਆਪਣੀ ਨਿੱਜੀ ਕਾਰ ਰਾਹੀਂ ਆਪਣੀ ਡਿਊਟੀ ਤੇ ਉਸ ਦੀ ਸੁਰੱਖਿਆ ਲਈ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਰਸਤੇ ’ਚ ਹੀ ਪਟਿਆਲਾ ਨੇੜੇ ਪਿੰਡ ਜਾਅਲਾਂ ਨਜ਼ਦੀਕ ਨਵਜੋਤ ਸਿੰਘ ਦੀ ਲਾਸ਼ ਉਸ ਦੀ ਨਿੱਜੀ ਕਾਰ ’ਚੋਂ ਭੇਦ ਭਰੇ ਹਾਲਾਤਾਂ ’ਚ ਬਰਾਮਦ ਹੋਈ ਹੈ। ਉਸ ਦੇ ਮੱਥੇ ’ਚ ਗੋਲ਼ੀ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਾਂਸਟੇਬਲ ਨਵਜੋਤ ਸਿੰਘ ਉਸ ਕੋਲ ਜੁਲਾਈ ਮਹੀਨੇ ਤੋਂ ਬਤੌਰ ਗੰਨਮੈਨ ਡਿਊਟੀ ਕਰਦਾ ਸੀ।

 

ਜੀਵਨ ਗਰਗ ਨੇ ਦੱਸਿਆ ਕਿ ਕਰੀਬ 11 ਵਜੇ ਕਾਂਸਟੇਬਲ ਨਵਜੋਤ ਸਿੰਘ ਨੇ ਡਿਊਟੀ ‘ਤੇ ਆਉਣ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ਆਪਣੇ ਆਉਣ ਬਾਰੇ ਦੱਸਿਆ ਅਤੇ ਜਦੋਂ ਕਈ ਘੰਟੇ ਬੀਤੀ ਜਾਣ ਦੇ ਬਾਅਦ ਵੀ ਉਹ ਨਾ ਪਹੁੰਚਿਆਂ ਤਾਂ ਜੀਵਨ ਗਰਗ ਨੇ ਉਸ ਨੂੰ ਦੁਬਾਰਾ ਫੋਨ ਕੀਤਾ, ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਜੀਵਨ ਗਰਗ ਨੇ ਉਸ ਦੇ ਘਰ ਫੋਨ ਕੀਤਾ। ਇਸ ਮਗਰੋਂ ਕਾਂਸਟੇਬਲ ਨਵਜੋਤ ਸਿੰਘ ਦੀ ਮਾਤਾ ਨੇ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

 

ਇਸ ਸੰਬਧੀ ਥਾਣਾ ਪਸਿਆਣਾ ਦੇ ਮੁਖੀ ਤਰਨਵੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਮਾਮਲਾ ਹੈ ਤੇ ਪੁਲਸ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਉਪਰੰਤ ਹੀ ਇਸ ਸਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Scroll to Top