ਸ੍ਰੀ ਫਤਿਹਗੜ੍ਹ ਸਾਹਿਬ 12 ਜਨਵਰੀ 2023: ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਵਿੱਚ ਗੁਰੂ ਰਾਮਦਾਸ ਹੋਟਲ ਵਿੱਚ ਇਲਾਕੇ ਦੀ ਸੰਗਤ ਦੀ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਲਈ, 328 ਲਾਪਤਾ ਸਰੂਪਾਂ ਦੇ ਇਨਸਾਫ਼ ਲਈ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਲੈਣ ਲਈ ਚੰਡੀਗੜ੍ਹ ਦੀਆਂ ਬਰੂਹਾਂ ‘ਤੇ ਚੱਲ ਕੇ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਦੇਣ ਦਾ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ।
ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਕੌਮ ਦੀ ਖਾਤਰ ਲੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਲੰਮੇਂ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਨੂੰ ਸਵੇਰੇ 10:30 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੋਂ ਕਾਰਾਂ, ਮੋਟਰਸਾਈਕਲਾਂ ਤੇ ਕੇਸਰੀ ਝੰਡੇ ਲਾ ਕੇ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਸੰਗਤ ਰਵਾਨਾ ਹੋਵੇਗੀ। ਉਨ੍ਹਾਂ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਪਿੰਡਾਂ ਤੇ ਸ਼ਹਿਰ ਦੇ ਮੁਹੱਲਿਆ ਤੋਂ ਸੰਗਤ ਨੂੰ ਵਧ-ਚੜ੍ਹ ਕੇ ਇਨਸਾਫ਼ ਮੋਰਚੇ ਵਿਚ 16 ਜਨਵਰੀ ਨੂੰ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਤਾਂ ਕਿ ਇਨਸਾਫ਼ ਲੈਣ ਲਈ ਇਕਜੁਟਤਾ ਦਾ ਸਬੂਤ ਦੇਈਏ।