ਕੁਲਤਾਰ ਸਿੰਘ ਸੰਧਵਾਂ

ਲਗਾਤਾਰ ਕਈ ਦਿਨਾਂ ਤੋਂ ਤੜਕਸਾਰ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗ੍ਰਹਿ ਵਿਖੇ ਹੁੰਦਾ ਹੈ ਸੰਗਤ ਦਰਸ਼ਨ

ਕੋਟਕਪੂਰਾ, 11 ਅਪ੍ਰੈਲ 2023: ਲਗਾਤਾਰ ਕਈ ਦਿਨਾਂ ਤੋਂ ਤੜਕਸਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਨੇੜਲੇ ਪਿੰਡ ਸੰਧਵਾਂ ਵਿੱਚ ਸਥਿੱਤ ਗ੍ਰਹਿ ਵਿਖੇ ਹੁੰਦੇ ਸੰਗਤ ਦਰਸ਼ਨ ਦੀ ਲੜੀ ਵਿੱਚ ਅੱਜ ਵੀ ਅਨੇਕਾਂ ਵੱਖ ਵੱਖ ਪਿੰਡਾਂ ਦੇ ਮਰਦ-ਔਰਤਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿੰਨਾ ਦੇ ਹੱਲ ਲਈ ਸਪੀਕਰ ਸੰਧਵਾਂ ਨੇ ਮੌਕੇ ’ਤੇ ਹਾਜਰ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।

ਆਪਣੇ ਸੰਬੋਧਨ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਜਾਦੀ ਤੋਂ 75 ਸਾਲ ਪਹਿਲਾਂ ਦੇ ਸਮੇਂ ਦੀ ਸਵੈਪੜਚੋਲ ਕੀਤੀ ਜਾਵੇ ਤਾਂ ਰਵਾਇਤੀ ਪਾਰਟੀਆਂ ਦੀਆਂ ਬਦਲ ਬਦਲ ਕੇ ਬਣਦੀਆਂ ਰਹੀਆਂ ਸਰਕਾਰਾਂ ਦਾ ਇਹ ਹਾਲ ਰਿਹਾ ਕਿ ਉਕਤ ਸਰਕਾਰਾਂ ਲਗਾਤਾਰ ਚਾਰ ਸਾਲ ਸੁੱਤੀਆਂ ਰਹਿੰਦੀਆਂ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਪਹਿਲੀ ਹੀ ਕੈਬਨਿਟ ਮੀਟਿੰਗ ਤੋਂ ਬਾਅਦ 26,554 ਨੌਕਰੀਆਂ ਦਾ ਇਸ਼ਤਿਹਾਰ ਦਿੱਤਾ, 28,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਹਜ਼ਾਰਾਂ ਮੁਲਾਜ਼ਮਾਂ ਨੂੰ ਪੱਕੇ ਕੀਤਾ।

ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ’ਚ ਪਹਿਲੀ ਵਾਰ ਸਰਕਾਰ ਨੇ ਪੀ.ਐੱਸ.ਪੀ.ਸੀ.ਅੱੈਲ. ਦੀ 20,200 ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਭਾਵੇਂ ਪਹਿਲਾਂ ਪੀ.ਐਸ.ਪੀ.ਸੀ.ਐਲ. ਨੂੰ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਘਾਟੇ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਪਰ ‘ਆਪ’ ਸਰਕਾਰ ਪੀ.ਐਸ.ਪੀ.ਸੀ.ਐਲ. ਦੀਆਂ ਸਾਰੀਆਂ ਬਕਾਇਆ ਸਬਸਿਡੀਆਂ ਨੂੰ ਕਲੀਅਰ ਕਰੇਗੀ। ਮਾਨ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਨਾਲ ਹੁਣ ਪੰਜਾਬ ਦੇ 90 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ।

ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ ਤੇ ਪਹਿਲੇ ਸਾਲ ਵਿੱਚ ਹੀ ਗੱਡੀ ਟਰੈਕ ’ਤੇ ਚੜਾਉਣੀ ਔਖੀ ਜਾਪ ਰਹੀ ਸੀ ਪਰ ਹੁਣ ਆਮ ਲੋਕਾਂ ਦੇ ਸਹਿਯੋਗ ਨਾਲ ਗੱਡੀ ਦੂਜੇ ਸਾਲ ਵਿੱਚ ਦੂਜੇ ਗੇਅਰ ਵਿੱਚ ਪੈ ਗਈ ਹੈ, ਕਿਉਂਕਿ ਵਿਰੋਧੀਆਂ ਦਾ ਕੰਮ ਸਹਿਯੋਗ ਦੇਣ ਦੀ ਬਜਾਇ ਸਿਰਫ ਅੜਿੱਕਾ ਪਾਉਣਾ ਹੀ ਹੁੰਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ ਗਿੱਲ ਆਦਿ ਵੀ ਹਾਜਰ ਸਨ।

Scroll to Top