June 30, 2024 8:59 pm
Sandeep Lamichhane

ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਾਨੇ ਨੂੰ ਬਲਾਤਕਾਰ ਕੇਸ ‘ਚ 8 ਸਾਲ ਦੀ ਸਜ਼ਾ

ਚੰਡੀਗੜ੍ਹ, 11 ਜਨਵਰੀ 2024: ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਾਨੇ (Sandeep Lamichhane) ਨੂੰ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਠ ਸਾਲ ਦੀ ਸਜ਼ਾ ਸੁਣਾਈ ਹੈ। ਰਿਪੋਰਟ ਮੁਤਾਬਕ ਸ਼ਿਸ਼ੀਰ ਰਾਜ ਧਾਕਲ ਦੀ ਬੈਂਚ ਨੇ ਬੁੱਧਵਾਰ 10 ਜਨਵਰੀ ਨੂੰ ਸੁਣਵਾਈ ਤੋਂ ਬਾਅਦ ਮੁਆਵਜ਼ੇ ਅਤੇ ਜੁਰਮਾਨੇ ਸਮੇਤ 8 ਸਾਲ ਦੀ ਸਜ਼ਾ ਦਾ ਫੈਸਲਾ ਸੁਣਾਇਆ।

ਬੈਂਚ ਨੇ 3 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਕ੍ਰਿਕਟਰ ਨੂੰ ਪੀੜਤ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਇਸ ਦੀ ਪੁਸ਼ਟੀ ਅਦਾਲਤੀ ਅਧਿਕਾਰੀ ਰਾਮੂ ਸ਼ਰਮਾ ਨੇ ਕੀਤੀ ਹੈ।

ਸੰਦੀਪ (Sandeep Lamichhane) ਨੂੰ ਦਸੰਬਰ 2023 ਵਿੱਚ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਪਾਇਆ ਸੀ। ਅਦਾਲਤ ਨੇ ਇਹ ਵੀ ਦੱਸਿਆ ਕਿ ਅਪਰਾਧ ਦੇ ਸਮੇਂ ਪੀੜਤਾ ਨਾਬਾਲਗ ਨਹੀਂ ਸੀ। ਉਸ ਦੀ ਉਮਰ 18 ਸਾਲ ਤੋਂ ਵੱਧ ਸੀ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਲੜਕੀ ਦੀ ਉਮਰ 17 ਸਾਲ ਸੀ। ਸਿੰਗਲ ਜੱਜ ਬੈਂਚ ਦੀ ਸੁਣਵਾਈ ਦੌਰਾਨ ਜੱਜ ਸੁਧੀਰ ਰਾਜ ਧਾਕਲ ਨੇ ਲਾਮਿਛਾਣੇ ‘ਤੇ ਲੱਗੇ ਸਾਰੇ ਦੋਸ਼ ਸਹੀ ਪਾਏ।

ਸੰਦੀਪ ਲਾਮਿਛਾਣੇ ਖਿਲਾਫ ਸਤੰਬਰ 2022 ‘ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵੈਸਟਇੰਡੀਜ਼ ਵਿੱਚ ਕੈਰੇਬੀਅਨ ਪ੍ਰੀਮੀਅਰ ਲੀਗ ਦੌਰਾਨ ਉਸਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਜਿਵੇਂ ਹੀ ਸੰਦੀਪ ਨੇਪਾਲ ਪਹੁੰਚਿਆ, ਉਸ ਨੂੰ ਕਾਠਮੰਡੂ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਹੇਠਲੀ ਅਦਾਲਤ ਨੇ ਉਸ ਨੂੰ ਪੁਲੀਸ ਹਿਰਾਸਤ ਵਿੱਚ ਰੱਖ ਕੇ ਪੁੱਛ-ਪੜਤਾਲ ਕਰਨ ਲਈ ਕਿਹਾ ਪਰ ਸੁਪਰੀਮ ਕੋਰਟ ਨੇ ਉਸ ਨੂੰ ਹਿਰਾਸਤ ਵਿੱਚ ਰੱਖਣ ਦੇ ਫੈਸਲੇ ਨੂੰ ਪਲਟ ਦਿੱਤਾ। ਸੁਣਵਾਈ ਦੌਰਾਨ ਜ਼ਮਾਨਤ ਮਿਲਣ ਤੋਂ ਬਾਅਦ ਲਾਮਿਛਾਨੇ ਨੇਪਾਲ ਲਈ ਕ੍ਰਿਕਟ ਖੇਡਣਾ ਜਾਰੀ ਰੱਖਿਆ ਸੀ ।