Samudrayan Mission

Samudrayaan Mission: ਆਖ਼ਿਰ ਕੀ ਹੈ ਭਾਰਤ ਦਾ ਅਗਲਾ ਮਿਸ਼ਨ ਸਮੁੰਦਰਯਾਨ ?

ਚੰਡੀਗੜ੍ਹ, 12 ਸਤੰਬਰ 2023: ਭਾਰਤ ਨੇ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਠੀਕ ਇੱਕ ਹਫ਼ਤੇ ਬਾਅਦ ਭਾਰਤ ਨੇ ਸੂਰਜ ਦਾ ਅਧਿਐਨ ਕਰਨ ਲਈ ਇੱਕ ਮਿਸ਼ਨ ਸ਼ੁਰੂ ਕੀਤਾ। ਇਹ ਭਾਰਤ ਦਾ ਪਹਿਲਾ ਸੂਰਜ ਮਿਸ਼ਨ ਹੈ। ਇਸ ਤੋਂ ਬਾਅਦ ਹੁਣ ਭਾਰਤ ਸਮੁੰਦਰ ਦੀ ਡੂੰਘਾਈ ਨੂੰ ਮਾਪੇਗਾ ਅਤੇ ਸਮੁੰਦਰ ਦੇ ਅੰਦਰ ਲੁਕੇ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਕਰੇਗਾ। ਭਾਰਤ ਛੇਤੀ ਹੀ ਆਪਣੇ ਸਮੁੰਦਰਯਾਨ ਮਿਸ਼ਨ ਦਾ ਪ੍ਰੀਖਣ ਸ਼ੁਰੂ ਕਰਨ ਜਾ ਰਿਹਾ ਹੈ।

ਮਿਸ਼ਨ ਸਮੁੰਦਰਯਾਨ (Samudrayan Mission) ਵਿੱਚ, ਤਿੰਨ ਜਣਿਆਂ ਨੂੰ ਇੱਕ ਸਵਦੇਸ਼ੀ ਪਣਡੁੱਬੀ ਵਿੱਚ 6 ਕਿਲੋਮੀਟਰ ਦੀ ਡੂੰਘਾਈ ਤੱਕ ਭੇਜਿਆ ਜਾਵੇਗਾ ਤਾਂ ਜੋ ਉਥੋਂ ਦੇ ਸਰੋਤਾਂ ਅਤੇ ਜੈਵਿਕ ਵਿਭਿੰਨਤਾ ਦਾ ਅਧਿਐਨ ਕੀਤਾ ਜਾ ਸਕੇ। ਇਸ ਜਹਾਜ਼ ਦਾ ਨਾਂ ‘ਮਤਸਿਆ 6000’ ਹੈ। ਇਸ ਰਾਹੀਂ ਸਮੁੰਦਰੀ ਤਲ ਤੋਂ ਕਰੀਬ 6 ਕਿਲੋਮੀਟਰ ਹੇਠਾਂ ਕੋਬਾਲਟ, ਨਿਕਲ ਅਤੇ ਮੈਂਗਨੀਜ਼ ਵਰਗੀਆਂ ਕੀਮਤੀ ਧਾਤਾਂ ਦੀ ਖੋਜ ਕੀਤੀ ਜਾਵੇਗੀ। ਕੇਂਦਰੀ ਧਰਤੀ ਵਿਗਿਆਨ ਮੰਤਰੀ ਕਿਰੇਨ ਰਿਜਿਜੂ ਨੇ ਦੱਸਿਆ ਕਿ ਅਗਲਾ ਮਿਸ਼ਨ ਸਮੁੰਦਰਯਾਨ ਹੈ।

ਆਓ ਜਾਣਦੇ ਹਾਂ ਭਾਰਤ ਦੇ ਮਤਸਿਆ 6000 (Matsya 6000 mission) ਮਿਸ਼ਨ ਨਾਲ ਜੁੜੇ ਤੱਥ

Image

‘ਮਤਸਿਆ 6000’ ਲਗਭਗ ਦੋ ਸਾਲਾਂ ਵਿੱਚ ਬਣਾਇਆ ਗਿਆ ਸੀ। ਅਗਲੇ ਸਾਲ ਯਾਨੀ 2024 ਦੀ ਸ਼ੁਰੂਆਤ ‘ਚ ਇਸ ਨੂੰ ਟੈਸਟਿੰਗ ਲਈ ਚੇਨਈ ਤੱਟ ਤੋਂ ਬੰਗਾਲ ਦੀ ਖਾੜੀ ‘ਚ ਛੱਡਿਆ ਜਾਵੇਗਾ। ਸਮੁੰਦਰ ਵਿੱਚ 6 ਕਿਲੋਮੀਟਰ ਦੀ ਡੂੰਘਾਈ ਤੱਕ ਜਾਣਾ ਚੁਣੌਤੀਆਂ ਨਾਲ ਭਰਿਆ ਹੁੰਦਾ ਹੈ। ਭਾਰਤੀ ਵਿਗਿਆਨੀ ਵੀ ਇਸ ਸਾਲ ਜੂਨ ਵਿੱਚ ਵਾਪਰੇ ਟਾਈਟਨ ਹਾਦਸੇ ਨੂੰ ਧਿਆਨ ਵਿੱਚ ਰੱਖਦੇ ਹਨ। ਸੈਲਾਨੀਆਂ ਨੂੰ ਸਮੁੰਦਰ ‘ਚ ਟਾਈਟੈਨਿਕ ਦੇ ਮਲਬੇ ਤੱਕ ਲਿਜਾ ਰਹੀ ਇਸ ਪਣਡੁੱਬੀ ‘ਚ ਧਮਾਕਾ ਹੋਇਆ ਸੀ । ਇਸ ਦੇ ਮੱਦੇਨਜ਼ਰ ਭਾਰਤੀ ਵਿਗਿਆਨੀ ਵਾਰ-ਵਾਰ ‘ਮਤਸਿਆ 6000’ ਦੇ ਡਿਜ਼ਾਈਨ ਦੀ ਜਾਂਚ ਕਰ ਰਹੇ ਹਨ।

ਸਮੁੰਦਰਯਾਨ ਮਿਸ਼ਨ ਕੀ ਹੈ?

Image

ਸਮੁੰਦਰਯਾਨ (Samudrayan Mission) ਪੂਰੀ ਤਰ੍ਹਾਂ ਇੱਕ ਸਵਦੇਸ਼ੀ ਪ੍ਰੋਜੈਕਟ ਹੈ। ਮਤਸਿਆ 6000 ਇੱਕ ਸਬਮਰਸੀਬਲ ਹੈ ਜਿਸ ਨੂੰ ਟਾਈਟੇਨੀਅਮ ਅਲਾਏ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਹ 6000 ਮੀਟਰ ਦੀ ਡੂੰਘਾਈ ‘ਤੇ ਸਮੁੰਦਰੀ ਤਲ ਦੇ ਦਬਾਅ ਤੋਂ 600 ਗੁਣਾ ਵੱਧ ਦਬਾਅ ਦਾ ਸਾਹਮਣਾ ਕਰ ਸਕਦਾ ਹੈ ਭਾਵ 600 ਬਾਰ (ਪ੍ਰੈਸ਼ਰ ਮਾਪਣ ਵਾਲੀ ਇਕਾਈ)। ਸਬਮਰਸੀਬਲ ਦਾ ਵਿਆਸ 2.1 ਮੀਟਰ ਹੈ। ਇਸ ਦੇ ਜ਼ਰੀਏ ਤਿੰਨ ਜਣਿਆਂ ਨੂੰ 12 ਘੰਟੇ ਤੱਕ 6000 ਮੀਟਰ ਦੀ ਡੂੰਘਾਈ ਵਾਲੇ ਸਮੁੰਦਰ ‘ਚ ਭੇਜਿਆ ਜਾਵੇਗਾ। ਇਸ ਵਿੱਚ 96 ਘੰਟੇ ਦੀ ਐਮਰਜੈਂਸੀ ਸਹਿਣਸ਼ੀਲਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮਿਸ਼ਨ 2026 ਵਿੱਚ ਲਾਂਚ ਕੀਤਾ ਜਾਵੇਗਾ। ਅਮਰੀਕਾ, ਰੂਸ, ਜਾਪਾਨ, ਫਰਾਂਸ ਅਤੇ ਚੀਨ ਤੋਂ ਬਾਅਦ ਭਾਰਤ ਮਨੁੱਖ ਰਹਿਤ ਸਬਮਰਸੀਬਲ ਬਣਾਉਣ ਵਾਲਾ ਛੇਵਾਂ ਦੇਸ਼ ਹੈ।

ਜਾਣੋ ਕੀ ਕਰੇਗਾ ਸਮੁੰਦਰਯਾਨ ?

SSCIS

ਜਹਾਜ਼ ਸਮੁੰਦਰ ਦੀ ਡੂੰਘਾਈ ਦਾ ਪਤਾ ਲਗਾਏਗਾ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਪਣਡੁੱਬੀਆਂ ਰਾਹੀਂ ਮਨੁੱਖਾਂ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਦੁਰਲੱਭ ਖਣਿਜਾਂ ਦੀ ਖੋਜ ਲਈ ਭੇਜਣਾ ਹੈ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 4100 ਕਰੋੜ ਰੁਪਏ ਹੈ। ਸਮੁੰਦਰਯਾਨ ਨੂੰ ਡੂੰਘੇ ਸਮੁੰਦਰ ਵਿੱਚ ਗੈਸ ਹਾਈਡਰੇਟ, ਪੌਲੀਮੈਟਲਿਕ ਮੈਂਗਨੀਜ਼ ਨੋਡਿਊਲ, ਹਾਈਡ੍ਰੋ-ਥਰਮਲ ਸਲਫਾਈਡ ਅਤੇ ਕੋਬਾਲਟ ਕ੍ਰਸਟ ਵਰਗੇ ਸਰੋਤਾਂ ਦੀ ਖੋਜ ਕਰਨ ਲਈ ਭੇਜਿਆ ਜਾਵੇਗਾ। ਇਹ ਵਸਤੂਆਂ 1000 ਤੋਂ 5500 ਮੀਟਰ ਦੀ ਡੂੰਘਾਈ ਵਿੱਚ ਪਾਈਆਂ ਜਾਂਦੀਆਂ ਹਨ।

Scroll to Top