ਚੰਡੀਗੜ੍ਹ, 21 ਫਰਵਰੀ 2025: Sambhal Violence Case: ਪੁਲਿਸ ਨੇ ਅੱਜ ਯਾਨੀ ਵੀਰਵਾਰ ਨੂੰ ਸੰਭਲ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ 24 ਨਵੰਬਰ ਨੂੰ ਹੋਈ ਹਿੰਸਾ ਦੇ ਸਬੰਧ ‘ਚ ਦਰਜ ਛੇ ਮਾਮਲਿਆਂ ‘ਚ ਅਦਾਲਤ ‘ਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਪੁਲਿਸ ਨੇ ਇਨ੍ਹਾਂ ਛੇ ਮਾਮਲਿਆਂ ‘ਚ 208 ਮੁਲਜ਼ਮਾਂ ਖ਼ਿਲਾਫ਼ 4,175 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰ ਚਾਰਜਸ਼ੀਟਾਂ ‘ਚੋਂ ਚਾਰ ਸੰਭਲ ਕੋਤਵਾਲੀ ‘ਚ ਦਰਜ ਮਾਮਲਿਆਂ ‘ਚੋਂ ਹਨ ਅਤੇ ਦੋ ਨਖਾਸਾ ਪੁਲਿਸ ਸਟੇਸ਼ਨ ‘ਚ ਦਰਜ ਮਾਮਲਿਆਂ ‘ਚੋਂ ਹਨ।
19 ਨਵੰਬਰ 2024 ਨੂੰ ਸਿਵਲ ਜੱਜ ਸੀਨੀਅਰ ਡਿਵੀਜ਼ਨ ਆਦਿੱਤਿਆ ਕੁਮਾਰ ਦੀ ਅਦਾਲਤ ‘ਚ ਸੰਭਲ ਦੀ ਜਾਮਾ ਮਸਜਿਦ ਨੂੰ ਹਰੀਹਰ ਮੰਦਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸੇ ਦਿਨ, ਅਦਾਲਤ ਨੇ ਰਮੇਸ਼ ਸਿੰਘ ਰਾਘਵ ਨੂੰ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਅਤੇ ਉਨ੍ਹਾਂ ਨੇ ਸ਼ਾਮ ਨੂੰ ਮਸਜਿਦ ਦਾ ਸਰਵੇਖਣ ਕੀਤਾ।
ਇਸ ਤੋਂ ਬਾਅਦ 24 ਨਵੰਬਰ ਨੂੰ ਸਵੇਰੇ 7.30 ਵਜੇ, ਜਦੋਂ ਕੋਰਟ ਕਮਿਸ਼ਨਰ ਡੀਐਮ ਅਤੇ ਐਸਪੀ ਦੀ ਮੌਜੂਦਗੀ ‘ਚ ਦੁਬਾਰਾ ਮਸਜਿਦ ਦਾ ਸਰਵੇਖਣ ਕਰਨ ਲਈ ਪਹੁੰਚੇ, ਤਾਂ ਹੰਗਾਮਾ ਹੋ ਗਿਆ। ਹਿੰਸਾ ‘ਚ ਚਾਰ ਜਣੇ ਮਾਰੇ ਗਏ ਸਨ ਅਤੇ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਜ਼ਖਮੀ ਹੋਏ ਸਨ। ਇਸ ਹੰਗਾਮੇ ਦੇ ਸਬੰਧ ‘ਚ ਸੱਤ ਐਫ.ਆਈ.ਆਰ ਦਰਜ ਕੀਤੀਆਂ ਸਨ।
ਦੰਗਿਆਂ ਦੇ ਸਬੰਧ ‘ਚ ਦਾਇਰ ਕੀਤੇ ਇੱਕ ਮਾਮਲੇ (Sambhal Violence) ‘ਚ ਸੰਭਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆਉਰ ਰਹਿਮਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਸੰਸਦ ਮੈਂਬਰ ਵਿਰੁੱਧ ਦਰਜ ਮਾਮਲੇ ਵਿੱਚ ਵੀਰਵਾਰ ਨੂੰ ਚਾਰਜਸ਼ੀਟ ਦਾਇਰ ਨਹੀਂ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਨੇ ਇਨ੍ਹਾਂ ਮਾਮਲਿਆਂ ਬਾਰੇ ਹਾਈ ਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ। ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਪੁਲਿਸ ਇਸ ਮਾਮਲੇ ‘ਚ ਕਾਨੂੰਨੀ ਮਾਹਰਾਂ ਦੀ ਰਾਏ ਲੈ ਰਹੀ ਹੈ।
Read More: Uttar Pradesh:ਸੰਭਲ ‘ਚ ਹੋਏ ਦੰ..ਗਿ.ਆਂ ਦੀ ਉਪ ਜ਼ਿਲ੍ਹਾ ਮੈਜਿਸਟਰੇਟ ਕਰਨਗੇ ਜਾਂਚ, ਹਫ਼ਤੇ ‘ਚ ਰਿਪੋਰਟ ਸੌਂਪਣ ਲਈ ਕਿਹਾ