ਹਰਪ੍ਰੀਤ ਸਿੰਘ ਕਾਹਲੋਂ
Sr. Executive Editor
The Unmute
ਪਿਕੂ : ਇੱਥੇ ਇੱਕ ਥੀਏਟਰ ਸੀ …. ਹੁਣ ਬਿਲਡਿੰਗ ਬਣ ਗਈ
ਰਾਣਾ : ਹੁੰਮਮਮਮ ਬਦਲਾਵ ਹੁੰਦਾ ਜਿਵੇਂ ਤੂੰ ਆਪਣਾ ਘਰ ਵੇਚ ਰਹੀ ਏ …
ਪਿਕੂ : ਸੋ ਵਟ ਆਈ ਐਮ ਜਸਟ ਬੀਇੰਗ ਪ੍ਰੈਕਟੀਕਲ
ਰਾਣਾ : ਨੋ ਨੋ ਆਈ ਐਮ ਨੋਟ ਸੇਇੰਗ ਯੂ ਆਰ ਰੋਂਗ ਸ਼ਾਇਦ ਦਿਸ ਇਜ਼ ਦੀ ਵੇ ਫਾਰਵਰਡ,ਇਹਨੂੰ ਹੀ ਲੋਗ ਡਿਵਲਪਮੈਂਟ ਕਹਿੰਦੇ ਨੇ …. ਪਰ ਆਪਣੀ ਰੂਟਸ ….
ਜੇ ਇਹਨੂੰ ਉਖਾੜ ਦਿਓ ਤਾਂ ਕੀ ਬਚੇਗਾ ?
ਇੱਕ ਉੱਮਰ ਤੋਂ ਬਾਅਦ ਮਾਪੇ ਜ਼ਿੰਦਾ ਨਹੀਂ ਰਹਿ ਪਾਉਂਦੇ, ਉਹਨਾਂ ਨੂੰ ਜ਼ਿੰਦਾ ਰੱਖਣਾ ਪੈਂਦਾ ਅਤੇ ਇਹ ਜ਼ਿੰਮੇਵਾਰੀ ਬੱਚਿਆਂ ਦੀ ਹੀ ਹੈ।
– ਇਰਫ਼ਾਨ ਖ਼ਾਨ ਦੀ ਫ਼ਿਲਮ ਪਿਕੂ ਦੇ ਸੰਵਾਦ
ਹਿੰਦੀ ਸਿਨੇਮੇ ਦਾ ਸ਼ਾਹਕਾਰ ਅਦਾਕਾਰ ਹੁਣ ਜੇ ਸਾਡੇ ਵਿੱਚ ਨਹੀਂ ਹੈ। ਉਹ ਲੰਮੀ ਬਿਮਾਰੀ ਤੋਂ ਬਾਅਦ ਆਪਣੇ ਢਿੱਲੇ ਮੱਠੇ ਸਰੀਰ ਨਾਲ ਆਖਰੀ ਫਿਲਮ ਅੰਗਰੇਜ਼ੀ ਮੀਡੀਅਮ ਨੂੰ ਪੂਰਾ ਕਰ ਕੇ ਤੁਰ ਗਿਆ ਹੈ। ਹਿੰਦੀ ਸਿਨੇਮਾ ਦੇ ਵਿੱਚ ਇਰਫ਼ਾਨ ਖ਼ਾਨ ਨੂੰ ਜੇ ਸਮਝਣਾ ਹੈ ਤਾਂ ਉਸ ਦਾ ਇੱਕੋ ਹੀ ਢੰਗ ਹੈ ਕਿ ਉਹਨੂੰ ਕਿਸੇ ਵੀ ਖ਼ਾਕੇ ਵਿੱਚ ਬੰਨ੍ਹ ਕੇ ਨਾ ਵੇਖੋ। ਉਹ ਕਿੱਥੋਂ ਦਾ ਸੀ ਉਹ ਕਿੱਥੇ ਪੂਰਾ ਹੋਇਆ ਇਸ ਦਰਮਿਆਨ ਉਹਦੀ ਜ਼ਿੰਦਗੀ ਕਿਹੋ ਜਿਹੀ ਸੀ ਇਹ ਉਹਦੀ ਜ਼ਿੰਦਗੀ ਦੇ ਸਫ਼ੇ ਹਨ ਜੋ ਅਸੀਂ ਗੂਗਲ ਤੇ ਸਰਚ ਕਰਦਿਆਂ ਬਿਹਤਰ ਜਾਣ ਸਕਦੇ ਹਾਂ।
ਬਤੌਰ ਇਰਫ਼ਾਨ ਖ਼ਾਨ ਇੱਕ ਅਦਾਕਾਰ ਦੇ ਤੌਰ ਤੇ ਜੇ ਉਹਨੂੰ ਅਸੀਂ ਲੱਭਣਾ ਹੈ ਤਾਂ ਉਹ ਉਹਦੀਆਂ ਫ਼ਿਲਮਾਂ ਵਿੱਚ ਹੈ। ਇਸ ਲੇਖ ਦੇ ਸ਼ੁਰੂ ਵਿੱਚ ਜਿਹੜੇ ਸੰਵਾਦ ਮੈਂ ਲਿਖੇ ਹਨ ਇਹ ਸੁਜੀਤ ਸਰਕਾਰ ਦੀ ਫ਼ਿਲਮ ਪਿੱਕੂ ਦੇ ਸਨ। ਪੀਕੂ ਉਨ੍ਹਾਂ ਫ਼ਿਲਮਾਂ ਵਿੱਚੋਂ ਹੈ ਜੋ ਮੈਂ ਵੇਖੀਆਂ ਅਤੇ ਮੇਰੀ ਨਿੱਜੀ ਕੁਲੈਕਸ਼ਨ ਦੀਆਂ ਮੁੱਢਲੀਆਂ ਦਸ ਫਿਲਮਾਂ ਦਾ ਹਿੱਸਾ ਹੈ।
ਇਰਫਾਨ ਖਾਨ ਦੀ ਅਦਾਕਾਰੀ ਵਿੱਚ ਪਾਤਰ ਆਪਣੇ ਕਿਰਦਾਰ ਨੂੰ ਜਿਉਂਦੇ ਸਨ। ਹੁੰਦਾ ਇਹ ਹੈ ਕਿ ਅਦਾਕਾਰ ਪਾਤਰ ਨੂੰ ਜਾਂਦਾ ਹੈ ਪਰ ਇਰਫਾਨ ਖਾਨ ਦੇ ਪਾਤਰ ਇਰਫਾਨ ਖਾਨ ਵਿੱਚ ਜਿਉਂਦੇ ਸਨ। ਤਿਗਮਾਂਸ਼ੂ ਧੂਲੀਆ ਦੀ ਫ਼ਿਲਮ ਹਾਸਲ ਉਹ ਫ਼ਿਲਮ ਹੈ ਜਦੋਂ ਮੈਨੂੰ ਸਭ ਤੋਂ ਪਹਿਲਾਂ ਇਹ ਅਦਾਕਾਰ ਪਿਆਰਾ ਲੱਗਾ।
ਵਿਦਿਆਰਥੀ ਸਿਆਸਤ , ਇਸ਼ਕ , ਈਰਖਾ ਦੀ ਜ਼ਮੀਨ ਤੇ ਤਿਆਰ ਇਹ ਫ਼ਿਲਮ ਬਾਲੀਵੁੱਡ ਦੇ ਚਾਲੂ ਫਾਰਮੂਲੇ ਤੋਂ ਹੱਟਕੇ ਸੀ। 2003 ਵਿੱਚ ਆਈ ਇਸ ਫ਼ਿਲਮ ਦੇ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਰਿਸ਼ਿਤਾ ਭੱਟ ਸਨ। ਇਸ ਫਿਲਮ ਦਾ ਦੂਜਾ ਅਹਿਮ ਕਿਰਦਾਰ ਇਰਫਾਨ ਖਾਨ ਦਾ ਨਿਭਾਇਆ ਸੀ। ਉਸ ਦੌਰ ਦੇ ਅੰਦਰ ਇਸ ਤਰ੍ਹਾਂ ਦੀ ਕਹਾਣੀ ਨੇ ਸਭ ਨੂੰ ਹੈਰਾਨ ਕੀਤਾ ਸੀ ਅਤੇ ਹੀਰੋ ਨਾਲੋਂ ਜ਼ਿਆਦਾ ਨੈਗਟਿਵ ਕਿਰਦਾਰ ਚਰਚਾ ਦਾ ਵਿਸ਼ਾ ਬਣਿਆ ਸੀ।
ਇਰਫਾਨ ਖਾਨ ਦੀ ਕੌਮਾਂਤਰੀ ਪੱਧਰ ਤੇ ਸਭ ਤੋਂ ਪਹਿਲੀ ਚਰਚਾ ਆਸਿਫ਼ ਕਪਾਡੀਆ ਦੀ ਫਿਲਮ ‘ਦਿ ਵਾਰੀਅਰ’ ਨਾਲ ਹੋਈ ਸੀ। ਬ੍ਰਿਟਿਸ਼ ਅਕੈਡਮੀ ਫਿਲਮ ਐਂਡ ਟੈਲੀਵਿਜ਼ਨ ਐਵਾਰਡ ਵਿੱਚ ਇਸ ਫਿਲਮ ਨੇ ਖੂਬ ਵਾਹ ਵਾਹੀ ਇਕੱਠੀ ਕੀਤੀ। ਇਰਫਾਨ ਖ਼ਾਨ ਇੱਕ ਅਜਿਹਾ ਅਦਾਕਾਰ ਹੈ ਜੋ ਆਪਣੇ ਰੰਗ ਦੀਆਂ ਫ਼ਿਲਮਾਂ ਕਰਦਾ ਹੋਇਆ ਸਭ ਦੀ ਚਰਚਾ ਵਿੱਚ ਰਿਹਾ ਪਰ ਅੱਤ ਫਾਰਮੂਲਾ ਫ਼ਿਲਮਾਂ ਵਿੱਚ ਵੀ ਉਹਨੇ ਸਭ ਦਾ ਧਿਆਨ ਖਿੱਚਿਆ।
1986 ਵਿੱਚ ਆਈ ਮੀਰਾ ਨਾਇਰ ਦੀ ਫ਼ਿਲਮ ਸਲਾਮ ਬੰਬੇ ਨਿੱਕੇ ਨਿੱਕੇ ਕਿਰਦਾਰਾਂ ਨਾਲ ਨਿੱਕੀਆਂ ਨਿੱਕੀਆਂ ਕਹਾਣੀਆਂ ਨਾਲ ਭਰੀ ਫਿਲਮ ਸੀ। ਇਸ ਫ਼ਿਲਮ ਵਿੱਚ ਚਿੱਠੀਆਂ ਲਿਖਦਾ ਇਰਫਾਨ ਖਾਨ ਆਪਣੇ ਨਿੱਕੇ ਜਿਹੇ ਕਿਰਦਾਰ ਵਿੱਚ ਵੀ ਸਭ ਦੀ ਨਜ਼ਰਾਂ ਵਿੱਚ ਆਇਆ।
ਇਰਫ਼ਾਨ ਖ਼ਾਨ ਨਾਲ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਨਾ ਪ੍ਰਚਾਰ, ਨਾ ਕਿਸੇ ਤਰ੍ਹਾਂ ਦੀ ਫਿਲਮ ਦੀ ਚਰਚਾ ਪਰ ਫ਼ਿਲਮ ਇਕੱਲੇ ਇਰਫਾਨ ਖਾਨ ਦੇ ਦਮ ਤੇ ਚੱਲ ਜਾਵੇ। ਹਾਸਲ, ਪਾਨ ਸਿੰਘ ਤੋਮਰ ਦੇ ਲੰਚ ਬਾਕਸ ਇਹ ਸਾਰੀਆਂ ਫਿਲਮਾਂ ਦਾ ਪਹਿਲਾਂ ਸਿਰਨਾਵਾਂ ਉਹ ਆਪ ਸੀ।
ਵਿਸ਼ਾਲ ਭਾਰਦਵਾਜ ਦੀ ਫ਼ਿਲਮ ਮਕਬੂਲ ਜਿੰਨੀ ਹਦਾਇਤਕਾਰ ਦੀ ਫ਼ਿਲਮ ਸੀ ਉਨੀ ਹੀ ਇਰਫ਼ਾਨ ਖ਼ਾਨ ਤੱਬੂ ਅਤੇ ਪੰਕਜ ਕਪੂਰ ਦੀ ਫ਼ਿਲਮ ਸੀ। ਵਿਲੀਅਮ ਸ਼ੇਕਸਪੀਅਰ ਦੀ ਦੀਵਾਨਗੀ ਭਾਰਤੀ ਸਿਨੇਮਾ ਦੇ ਅੰਦਰ ਹਮੇਸ਼ਾ ਰਹੀ ਹੈ। ਇਸ ਤੋਂ ਪਹਿਲਾਂ ਗੁਲਜ਼ਾਰ ਨੇ ਕਾਮੇਡੀ ਆਫ ਐਰਰ ‘ਤੇ ਅੰਗੂਰ ਫ਼ਿਲਮ ਬਣਾਈ ਸੀ ਅਤੇ ਸ਼ੇਕਸਪੀਅਰ ਦੇ ਰੋਮੀਓ ਐਂਡ ਜੂਲੀਅਟ ਤੇ ਆਧਾਰਿਤ ਇੱਕ ਵਾਰ ਨਹੀਂ 9-10 ਵਾਰ ਫ਼ਿਲਮਾਂ ਬਣੀਆਂ ਹਨ। ਪਰ ਜੋ ਪੇਸ਼ਕਾਰੀ ਵਿਲੀਅਮ ਸ਼ੈਕਸਪੀਅਰ ਦੇ ਨਾਟਕਾਂ ਦੀ ਵਿਸ਼ਾਲ ਭਾਰਦਵਾਜ ਨੇ ਕੀਤੀ ਉਹ ਹੁਣ ਤੱਕ ਦੀ ਸਭ ਤੋਂ ਵੱਖਰੀ ਪੇਸ਼ਕਾਰੀ ਸੀ।
ਵਿਸ਼ਾਲ ਭਾਰਦਵਾਜ ਦੀ ਫ਼ਿਲਮ ਮਕਬੂਲ ਵਿੱਚ ਇਰਫ਼ਾਨ ਖ਼ਾਨ ਦਾ ਕਿਰਦਾਰ ਵਾਰ ਵਾਰ ਵੇਖਣਾ ਜ਼ਰੂਰੀ ਹੈ।
ਵਿਸ਼ਾਲ ਭਾਰਦਵਾਜ ਨੇ ਜਦੋਂ ਫਿਲਮ ਹੈਦਰ ਬਣਾਈ ਸੀ ਤਾਂ ਉਸ ਵਿੱਚ ਅਖਤਰ ਮੁਇਨੁਦੀਨ ਦੀ ਨਿੱਕੀ ਕਹਾਣੀ ‘ਨਵੀਂ ਬੀਮਾਰੀ’ ਨੂੰ ਨਿੱਕੇ ਜਿਹੇ ਦ੍ਰਿਸ਼ ਵਿੱਚ ਕਹਿ ਦੇਣ ਲਈ ਇਰਫਾਨ ਖਾਨ ਹੀ ਕਮਾਲ ਦਾ ਅਦਾਕਾਰ ਸੀ। ਕਹਾਣੀ ਸੀ ਕਿ ਕਸ਼ਮੀਰ ਦੇ ਘਰਾਂ ਵਿੱਚ ਫ਼ੌਜ ਕਿਸੇ ਵੀ ਵੇਲੇ ਕਿਸੇ ਵੀ ਸਮੇਂ ਗਸ਼ਤ ਕਰਦੀ ਹੈ ਤਾਂ ਉਹ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਹੈ।
ਬੁਜ਼ਰਗ ਆਪਣੇ ਹੀ ਘਰ ਦੀ ਦਹਿਲੀਜ਼ ਨੂੰ ਪਾਰ ਕਰ ਅੰਦਰ ਨਹੀਂ ਵੜ ਰਿਹਾ । ਜਦੋਂ ਤੱਕ ਕੋਈ ਉਹਦੀ ਆਈ ਡੀ ਚੈੱਕ ਕਰ,ਤਲਾਸ਼ੀ ਲੈ ਉਹਨੂੰ “ਸਭ ਠੀਕ ਹੈ” ਕਹਿ ਅੰਦਰ ਜਾਣ ਨੂੰ ਨਹੀਂ ਕਹਿ ਰਿਹਾ ….
ਕੋਈ ਪੁੱਛਦਾ ਹੈ ਕਿ ਅਜਿਹਾ ਕਿਉਂ ?
ਜਵਾਬ ਹੈ ਕਿ ਇੱਥੇ ਬੰਦਿਆਂ ‘ਚ ‘ਨਵੀਂ ਬਿਮਾਰੀ’ ਫੈਲੀ ਹੈ !
ਸੋ ਇਹ ਖੋਹਿਆ ਹੈ ਤ੍ਰਾਸਦੀਆਂ ਨੇ ਉਹਨਾਂ ਲੋਕਾਂ ਤੋਂ ….
ਆਪਣੇ ਹੀ ਘਰ ਰੋਜ਼ਾਨਾ ਦੀਆਂ ਤਲਾਸ਼ੀਆਂ ‘ਚੋਂ ਉਹ ਆਪਣੇ ਹੀ ਘਰ ਲਈ ਅਜਨਬੀ ਹੋ ਗਏ ਹਨ। ਆਪਣੇ ਹੀ ਘਰ ਤੋਂ ਬੇਗਾਨਾ ਹੋਣਾ ਕਿੱਡਾ ਵੱਡਾ ਸੰਤਾਪ ਹੈ। ਇਹ ਸੰਵੇਦਨਾ ਵਾਲੇ ਮਨ ਲਈ ਤਾਂ ਬੜਾ ਭੈੜਾ ਰੁਦਨ ਹੈ ! ਇਹ ਦ੍ਰਿਸ਼ ਬਸ਼ਰਤ ਪੀਰ ਨੇ ਆਪਣੇ ਕਸ਼ਮੀਰ ਦੇ ਕਹਾਣੀਕਾਰ ਅਖਤਰ ਮੋਹਿਊਦੀਨ ਦੀ ਨਿੱਕੀ ਕਹਾਣੀ ‘ਨਵੀਂ ਬਿਮਾਰੀ’ ਤੋਂ ਸਿਰਜਿਆ ਸੀ।
ਇਹ ਦ੍ਰਿਸ਼ ਫਿਲਮ ਹੈਦਰ ਦੀ ਆਪਣੇ ਆਪ ਵਿੱਚ ਮੁਕੰਮਲ ਪੇਸ਼ਕਾਰੀ ਹੈ।ਇਸ ਪੇਸ਼ਕਾਰੀ ਨੂੰ ਜਿਊਂਦਾ ਕਰਨ ਵਾਲਾ ਅਦਾਕਾਰ ਇਰਫਾਨ ਖ਼ਾਨ ਹੈ।
ਇਰਫਾਨ ਖਾਨ ਅਜਿਹਾ ਹੀ ਅਦਾਕਾਰ ਹੈ ਜੋ ਨਿੱਕੇ ਨਿੱਕੇ ਦ੍ਰਿਸ਼ ,ਨਿੱਕੀਆਂ-ਨਿੱਕੀਆਂ ਕਹਾਣੀਆਂ ਅਤੇ ਉਨ੍ਹਾਂ ਕਹਾਣੀਆਂ ਵਿੱਚ ਕੀਤੀਆਂ ਹੋਈਆਂ ਅਦਾਕਾਰੀਆਂ ਵਿੱਚ ਸਾਨੂੰ ਅੱਜ ਯਾਦ ਕਰਨਾ ਚਾਹੀਦਾ ਹੈ।
ਫ਼ਿਲਮ ਪਾਨ ਸਿੰਘ ਤੋਮਰ ਨੂੰ ਕੌਣ ਭੁੱਲ ਸਕਦਾ ਹੈ। ਫਿਲਮ ‘ਪਾਨ ਸਿੰਘ ਤੋਮਰ’ ‘ਚ ਪੱਤਰਕਾਰ ਪਾਨ ਸਿੰਘ ਤੋਮਰ ਨੂੰ ਪੁੱਛਦਾ ਹੈ ਕਿ ਤੁਸੀ ਬੰਦੂਕ ਕਦੋਂ ਚੁੱਕੀ ? ਜਵਾਬ ਹੈ ਕਿ ਅਜ਼ਾਦ ਭਾਰਤ ਦੇ ਨਿਰਮਾਣ ਦੇ ਨਾਲੋਂ ਨਾਲ ਹੀ ਸਾਡੇ ਹੱਥ ‘ਚ ਬੰਦੂਕ ਆ ਗਈ।
ਇਸ ਫਿਲਮ ਦੇ ਸੰਵਾਦਾਂ ਨੇ ਇਸ ਦੌਰ ਦੇ ਸਿਸਟਮ ਦੀਆਂ ਚੋਰ ਮੋਰੀਆਂ ਤੇ ਬਹਿਸ ਤੋਰ ਦਿੱਤੀ।
ਹਿੰਦੀ ਸਿਨੇਮਾ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਦਲਦੇ ਹਾਲਾਤਾਂ ਦੇ ਮੁਤਾਬਕ ਹੀ ਆਪਣੇ ਸਿਨੇਮਾ ਦੇ ਕਾਲ ਖੰਡ ਤੈਅ ਕੀਤੇ। ਭਾਰਤ ਦੇ ਅੰਦਰ ਜਦੋਂ ਨਹਿਰੂ ਦੌਰ ਸੀ ਉਸ ਦੌਰ ਦੀਆਂ ਸਾਰੀਆਂ ਫ਼ਿਲਮਾਂ ਵਿੱਚ ਨਹਿਰੂ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਭਾਵ ਵੀ ਆਉਂਦਾ ਰਿਹਾ। ਇਸ ਵਿਚਾਰਧਾਰਾ ਦੀ ਅਸਫਲਤਾ ਨੇ ਐਂਗਰੀ ਯੰਗਮੈਨ ਦਾ ਸਿਨੇਮਾ ਸ਼ੁਰੂ ਕੀਤਾ। ਭਾਰਤ ਦੇ ਅੰਦਰ ਸਰਕਾਰਾਂ ਦੀ ਮੰਦੀ ਕਾਰਗੁਜ਼ਾਰੀ ਨੂੰ ਅਮਿਤਾਭ ਬੱਚਨ ਅਤੇ ਪੈਰੇਲਲ ਸਿਨੇਮਾ ਦੇ ਦੌਰ ਨੇ ਪੇਸ਼ ਕੀਤਾ। ਉਸ ਸਿਨੇਮਾ ਦਾ ਸਾਰ ਤੱਤ ਇਰਫਾਨ ਖ਼ਾਨ ਦੀ ਫ਼ਿਲਮ ਪਾਨ ਸਿੰਘ ਤੋਮਰ ਹੈ।
ਇਰਫਾਨ ਖਾਨ ਇਕੱਲਾ ਸੰਜੀਦਾ ਫ਼ਿਲਮਾਂ ਦਾ ਕਲਾਕਾਰ ਨਹੀਂ ਉਹ ਡਾਇਸਪੋਰਾ ਦੇ ਭਾਰਤੀਆਂ ਦਾ ਵੀ ਕਲਾਕਾਰ ਹੈ ਅਤੇ ਮੱਧ ਵਰਗੀ ਪਰਿਵਾਰ ਦਾ ਵੀ ਕਲਾਕਾਰ ਹੈ। ਮੀਰਾ ਨਾਇਰ ਦੀ ਫਿਲਮ ਦੀ ਨੇਮਸੇਕ ਕੋਲਕਾਤਾ ਤੋਂ ਗਏ ਅਮਰੀਕਾ ਗਾਂਗੁਲੀ ਪਰਿਵਾਰ ਦੀ ਆਪਣੀ ਜੜ੍ਹਾਂ ਦੀ ਖਿੱਚੋਤਾਣ ਦੀ ਕਹਾਣੀ ਹੈ। ‘ਲਾਈਫ਼ ਆਫ਼ ਪਾਈ’ ਵੀ ਆਪਣੇ ਉਸੇ ਵਜੂਦ ਨੂੰ ਲੱਭਣ ਦੀ ਕਹਾਣੀ ਹੈ।
ਹਿੰਦੀ ਮੀਡੀਅਮ ਮੱਧਵਰਗੀ ਪਰਿਵਾਰ ਦਾ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਫਿਕਰਮੰਦ ਹੋਣ ਦੀ ਕਹਾਣੀ ਹੈ। ਕਰੀਬ ਕਰੀਬ ਸਿੰਗਲ ਅਤੇ ਫ਼ਿਲਮ ਕਾਰਵਾਂ ਵੀ ਸਮਾਜ ਦੇ ਉਨ੍ਹਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖਿੰਡੇ ਹੋਏ ਹਨ ਅਤੇ ਆਪਣੇ ਸਵਾਲ ਲੱਭ ਰਹੇ ਹਨ ।
ਇਹੋ ਕਹਾਣੀ ਫਿਲਮ ਪੀਕੂ ਦੀ ਹੈ। ਇਹੋ ਕਹਾਣੀ ਫ਼ਿਲਮ ਅੰਗਰੇਜ਼ੀ ਮੀਡੀਅਮ ਦੀ ਹੈ ਅਤੇ ਇਹੋ ਕਹਾਣੀ ਮੁੰਬਈ ਵਿੱਚ ਆਪਣੇ ਰਿਟਾਇਰਮੈਂਟ ਦੇ ਆਖਰੀ ਸਮੇਂ ਨੂੰ ਗੁਜ਼ਾਰਦੇ ਕਿਰਦਾਰ ਦੀ ਕਹਾਣੀ ਹੈ। ਫ਼ਿਲਮ ‘ਦੀ ਲੰਚ ਬਾਕਸ’ ਫਿਲਮ ਜਿਸ ਖ਼ੁਸ਼ੀ ਦੀ ਤਲਾਸ਼ ਕਰਦੀ ਕਹਾਣੀ ਹੈ ਉਸ ਨੂੰ ਬਿਹਤਰ ਅਗਵਾਈ ਇਰਫਾਨ ਖਾਨ ਵਰਗਾ ਵੱਡਾ ਕਲਾਕਾਰ ਹੀ ਦੇ ਸਕਦਾ ਸੀ।
ਇੱਕ ਕਲਾਕਾਰ ਦੀ ਸਮਰੱਥਾ ਅਸੀਂ ਇਸ ਤੋਂ ਹੀ ਸਮਝ ਸਕਦੇ ਹਾਂ ਇਰਫਾਨ ਖਾਨ ਇੱਕੋ ਵੇਲੇ ਸਿਸਟਮ ਦੇ ਵੱਖ ਵੱਖ ਪਹਿਲੂਆਂ ਨੂੰ ਬਤੌਰ ਕਲਾਕਾਰ ਅਦਾਕਾਰੀ ਰਾਹੀਂ ਸਾਡੇ ਤੱਕ ਪੇਸ਼ ਕਰਦਾ ਹੈ। ਉਹ ਪਾਨ ਸਿੰਘ ਤੋਮਰ ਵੀ ਹੈ। ਉਹ ਧਾਂਦਲੀ ਦਾ ਸ਼ਿਕਾਰ ਹੋਏ ਪਿਓ ਦੀ ਪੇਸ਼ਕਾਰੀ ਕਰਦਾ ਹੋਇਆ ਫ਼ਿਲਮ ਮਦਾਰੀ ਦਾ ਹਿੱਸਾ ਵੀ ਹੈ ਅਤੇ ਉਹ ਆਰੂਸ਼ੀ ਤਲਵਾੜ ਕੇਸ ਦੀ ਛਾਣਬੀਨ ਕਰਦਾ ਹੋਇਆ ਸਿਸਟਮ ਦੀਆਂ ਘੁੰਡੀਆਂ ਨੂੰ ਉਜਾਗਰ ਕਰਦਾ ਫਿਲਮ ‘ਤਲਵਾਰ’ ਦਾ ਕਿਰਦਾਰ ਵੀ ਹੈ।
ਅਨੂਪ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਕਿੱਸਾ ਕੌਣ ਭੁੱਲ ਸਕਦਾ ਹੈ। 1947 ਵੰਡ ਦੀ ਕਹਾਣੀ ਵਿੱਚੋਂ ਉਪਜੀ ਇਸ ਕਹਾਣੀ ਦਾ ਬਿਆਨ ਹੀ ਵੱਖਰਾ ਹੈ। ਇਹ ਸੰਤਾਲੀ ਦੇ ਉਸ ਦੌਰ ਦੀ ਵੰਡ ਨੂੰ ਕਹਿੰਦੀ ਹੈ ਪਰ ਨਾਲੋ ਨਾਲ ਇਹ ਦੱਸਦੀ ਹੈ ਕਿ ਅਜਿਹੀ ਵੰਡ ਬੰਦੇ ਦੇ ਅੰਦਰ ਵੀ ਚੱਲਦੀ ਹੈ। ਬੰਦਾ ਆਪਣੇ ਸੱਚ ਤੋਂ ਭੱਜਦਾ ਹੈ। ਅਜਿਹੇ ਮਨੋਵਿਗਿਆਨਕ ਕਿਰਦਾਰ ਅੰਬਰ ਸਿੰਘ ਨੂੰ ਨਿਭਾਉਣ ਦਾ ਵੱਲ ਤਾਂ ਇਰਫਾਨ ਖਾਨ ਕੋਲ ਹੀ ਸੀ।
ਇਰਫਾਨ ਖਾਨ ਦੀਆਂ ਜਿੰਨੀਆਂ ਵੀ ਫ਼ਿਲਮਾਂ ਅਸੀਂ ਯਾਦ ਕਰਦੇ ਹਾਂ ਇਹ ਸਾਡੇ ਸਮਾਜ ਦੇ ਸਾਰੇ ਉਹ ਕਿਰਦਾਰ ਹਨ ਜੋ ਬਦਲ ਰਹੇ ਸਮੇਂ ਵਿੱਚ ਪਿੰਡਾਂ ਦੇ ਸ਼ਹਿਰਾਂ ਦੇ ਅਤੇ ਪਿੰਡਾਂ ਸ਼ਹਿਰਾਂ ਦੇ ਵਿਚਕਾਰ ਮੈਟਰੋ ਸਿਟੀਜ਼ ਦੇ ਵਿੱਚ ਉਲਝਦੇ ਲੋਕ ਹਨ ਜਿਨ੍ਹਾਂ ਨੂੰ ਇਰਫਾਨ ਖ਼ਾਨ ਨੇ ਸਾਡੇ ਸਾਹਮਣੇ ਬਾਖ਼ੂਬੀ ਪੇਸ਼ ਕਰ ਦਿੱਤਾ। ਇਸ ਕਰਕੇ ਇਰਫਾਨ ਵਿੱਚ ਸਾਨੂੰ ਆਪਣਾ ਕਲਾਕਾਰ ਨਜ਼ਰ ਆਉਂਦਾ ਹੈ।
ਕਿਸੇ ਵੀ ਕਲਾਕਾਰ ਦੀ ਮਹਾਨਤਾ ਇਸੇ ਵਿੱਚ ਹੁੰਦੀ ਹੈ ਕਿ ਉਹ ਕਲਾਕਾਰ ਲੋਕਾਂ ਨੂੰ ‘ਆਪਣਾ ਕਲਾਕਾਰ’ ਮਹਿਸੂਸ ਹੋਵੇ।ਇਰਫਾਨ ਖਾਨ ਅਜਿਹਾ ਹੀ ਅਦਾਕਾਰ ਸੀ।