ਚੰਡੀਗੜ੍ਹ, 31 ਜੁਲਾਈ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ (Gurdwara Shri Chilla Sahib), ਸਿਰਸਾ ਦਾ ਬਹੁਤ ਇਤਿਹਾਸਕ ਮਹੱਤਵ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨ ਇਸ ਧਰਤੀ ‘ਤੇ ਪਏ ਸਨ। ਇਸ ਪਵਿੱਤਰ ਧਰਤੀ ਤੋਂ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਸਮੁੱਚੇ ਸੰਸਾਰ ਨੂੰ ਸੇਧ ਦੇਣ ਦਾ ਕਾਰਜ ਕੀਤਾ ਹੈ।
ਮੁੱਖ ਮੰਤਰੀ ਨੇ ਬੁੱਧਵਾਰ ਨੂੰ ਸਿਰਸਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ( Gurdwara Shri Chilla Sahib) ਵਿਖੇ ਮੱਥਾ ਟੇਕਿਆ ਅਤੇ ਸੂਬੇ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ 77 ਕਨਾਲ 7 ਮਰਲੇ ਜ਼ਮੀਨ ਦੀ ਰਜਿਸਟਰੀ ਵੀ ਸੌਂਪੀ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸਮਾਪਤੀ ਮੌਕੇ ਸਿਰਸਾ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਜ਼ਮੀਨ ਗੁਰਦੁਆਰਾ ਚਿੱਲਾ ਸਾਹਿਬ ਨੂੰ ਦੇਣ ਦਾ ਐਲਾਨ ਕੀਤਾ ਸੀ | ਜਿਸ ਨੂੰ ਬਾਅਦ ਵਿਚ ਕੈਬਨਿਟ ਵਿਚ ਪ੍ਰਸਤਾਵ ਪਾਸ ਕਰਕੇ ਗੁਰੂ ਸਾਹਿਬਾਨ ਦੀ ਇਸ ਧਰਤੀ ਦਾ ਨਾਂ ਸ੍ਰੀ ਗੁਰਦੁਆਰਾ ਚਿੱਲਾ ਸਾਹਿਬ ਰੱਖ ਦਿੱਤਾ ਗਿਆ।