ਚੰਡੀਗੜ੍ਹ, 29 ਜੂਨ 2023: ਸੈਫ ਚੈਂਪੀਅਨਸ਼ਿਪ (SAFF Championship) ਵਿੱਚ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਜਿੱਥੇ ਕੁਵੈਤ ਅਤੇ ਭਾਰਤ ਨੇ ਗਰੁੱਪ-ਏ ਵਿੱਚੋਂ ਆਖਰੀ ਚਾਰ ਵਿੱਚ ਥਾਂ ਬਣਾਈ, ਉੱਥੇ ਹੀ ਗਰੁੱਪ-ਬੀ ਵਿੱਚੋਂ ਲੈਬਨਾਨ ਅਤੇ ਬੰਗਲਾਦੇਸ਼ ਦੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ। ਹੁਣ ਆਖਰੀ ਚਾਰ ਮੈਚਾਂ ਵਿੱਚ ਗਰੁੱਪ-ਏ ਵਿੱਚ ਸਿਖਰ ’ਤੇ ਰਹਿਣ ਵਾਲੀ ਟੀਮ ਦਾ ਸਾਹਮਣਾ ਗਰੁੱਪ-ਬੀ ਵਿੱਚ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ ਅਤੇ ਗਰੁੱਪ-ਬੀ ਵਿੱਚ ਸਿਖਰ ’ਤੇ ਰਹਿਣ ਵਾਲੀ ਟੀਮ ਦਾ ਸਾਹਮਣਾ ਗਰੁੱਪ-ਏ ਵਿੱਚ ਦੂਜੀ ਟੀਮ ਨਾਲ ਹੋਵੇਗਾ।
ਯਾਨੀ ਕੁਵੈਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ ਅਤੇ ਲੇਬਨਾਨ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਦੋਵੇਂ ਸੈਮੀਫਾਈਨਲ 1 ਜੁਲਾਈ ਨੂੰ ਖੇਡੇ ਜਾਣਗੇ। ਕੁਵੈਤ-ਬੰਗਲਾਦੇਸ਼ ਮੈਚ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਅਤੇ ਭਾਰਤ-ਲੇਬਨਾਨ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।
ਭਾਰਤ ਨੇ ਹਾਲ ਹੀ ਵਿੱਚ ਹੋਏ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ ਵਿੱਚ ਲੇਬਨਾਨ ਨੂੰ ਹਰਾ ਕੇ ਟਰਾਫੀ ਜਿੱਤੀ ਸੀ। ਹੁਣ ਤੱਕ ਦੋਵੇਂ ਟੀਮਾਂ ਅੱਠ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਵਿੱਚੋਂ ਭਾਰਤ ਨੇ ਦੋ ਅਤੇ ਲੇਬਨਾਨ ਨੇ ਤਿੰਨ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਤਿੰਨ ਮੈਚ ਡਰਾਅ ਰਹੇ ਹਨ। ਹਾਲਾਂਕਿ, ਇਹ ਨਾਕਆਊਟ ਮੈਚ ਹੋਵੇਗਾ, ਇਸ ਲਈ ਡਰਾਅ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ।