ਚੰਡੀਗੜ੍ਹ, 6 ਮਈ 2024: ਟੀ-20 ਕ੍ਰਿਕਟ ਵਿਸ਼ਵ ਕੱਪ (T20 World Cup) ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਅਤੇ ਟੂਰਨਾਮੈਂਟ ਸ਼ੁਰੂ ਹੋਣ ‘ਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਸ ਦੌਰਾਨ ਵੈਸਟਇੰਡੀਜ਼ ਨੂੰ ਧਮਕੀ ਮਿਲੀ ਹੈ | ਕੈਰੇਬੀਅਨ ਮੀਡੀਆ ਨੇ ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਕੀਥ ਰੌਲੇ ਦੇ ਹਵਾਲੇ ਨਾਲ ਕਿਹਾ ਕਿ ਮੇਜ਼ਬਾਨ ਖ਼ਤਰੇ ਨਾਲ ਨਜਿੱਠਣ ਲਈ ਸੁਰੱਖਿਆ ਉਪਾਵਾਂ ‘ਤੇ ਵਾਧੂ ਯਤਨ ਕਰੇਗਾ। ਹੁਣ ਇਸ ਮਾਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਵੀ ਹਰਕਤ ਵਿੱਚ ਆ ਗਈ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਖ਼ਤ ਸੁਰੱਖਿਆ ਯੋਜਨਾ ਬਣਾਈ ਗਈ ਹੈ।
ਆਈਸੀਸੀ ਦੇ ਬੁਲਾਰੇ ਨੇ ਸਮਾਚਾਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਕਿਹਾ, ਟੀ-20 ਕ੍ਰਿਕਟ ਵਿਸ਼ਵ ਕੱਪ (T20 World Cup) ਵਿੱਚ ਹਿੱਸਾ ਲੈਣ ਵਾਲੇ ਸਾਰੇ ਜਣਿਆਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ। ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਸਾਡੇ ਕੋਲ ਢੁਕਵੀਂ ਯੋਜਨਾਵਾਂ ਹਨ। ਅਸੀਂ ਮੇਜ਼ਬਾਨ ਦੇਸ਼ ਅਤੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ। ਕਿਸੇ ਵੀ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਵਿਸਤ੍ਰਿਤ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ।
ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਇਸ ਗਲੋਬਲ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। ਇਹ ਟੂਰਨਾਮੈਂਟ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਕਰਵਾਇਆ ਜਾਣਾ ਹੈ ਪਰ ਜ਼ਿਆਦਾਤਰ ਮੈਚ ਕੈਰੇਬੀਅਨ ‘ਚ ਖੇਡੇ ਜਾਣੇ ਹਨ। ਗਰੁੱਪ ਗੇੜ ਦੇ ਕੁਝ ਮੈਚਾਂ ਤੋਂ ਇਲਾਵਾ ਸੁਪਰ ਅੱਠ ਗੇੜ ਦੇ ਸਾਰੇ ਮੈਚ, ਸੈਮੀਫਾਈਨਲ ਅਤੇ ਫਾਈਨਲ ਵੈਸਟਇੰਡੀਜ਼ ਵਿੱਚ ਹੋਣੇ ਹਨ।