July 7, 2024 1:42 pm
ਕੈਨੇਡਾ

ਕੈਨੇਡਾ ਤੋਂ ਆਈ ਦੁਖਦਾਈ ਖ਼ਬਰ, ਸੜਕ ਹਾਦਸੇ ਦੌਰਾਨ ਸੰਗਰੂਰ ਦੇ ਦੋ ਨੌਜਵਾਨਾਂ ਦੀ ਮੌਤ

ਸੰਗਰੂਰ ,17 ਮਈ 2023: ਰੋਜ਼ੀ ਰੋਟੀ ਅਤੇ ਚੰਗੇ ਭਵਿੱਖ ਦੇ ਲਈ ਆਪਣੇ ਸੁਪਨੇ ਪੂਰੇ ਕਰਨ ਲਈ ਸੰਗਰੂਰ ਦਾ ਇਕ ਨੌਜਵਾਨ ਕੈਨੇਡਾ ਦੀ ਧਰਤੀ ਉੱਤੇ ਗਿਆ, ਉਸ ਨੂੰ ਨਹੀਂ ਸੀ ਪਤਾ ਕਿ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕੈਨੇਡਾ ਦੀ ਧਰਤੀ ‘ਤੇ ਉਥੇ ਜਾ ਰਿਹਾ ਹੈ ਪਰ ਮੁੜ ਕਦੇ ਵੀ ਆਪਣੇ ਘਰ ਵਾਪਸ ਨਹੀਂ ਆਵੇਗਾ | ਸੰਗਰੂਰ ਦੇ 22 ਸਾਲਾ ਨੌਜਵਾਨ ਜੋ ਤਕਰੀਬਨ ਡੇਢ ਸਾਲ ਪਹਿਲਾਂ ਆਪਣੇ ਮਾਂ ਪਿਓ ਭੈਣ ਭਰਾ ਨੂੰ ਛੱਡ ਕੇ ਕੈਨੇਡਾ ਗਿਆ ਸੀ, ਜਿਸ ਦੀ ਦੋ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਉਸਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ |

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਨੂੰ ਸਵੇਰੇ ਸਾਢੇ ਚਾਰ ਵਜੇ ਫੋਨ ਆਇਆ ਕਿ ਤੁਹਾਡੇ ਪੁੱਤਰ ਦਾ ਐਕਸੀਡੈਂਟ ਹੋ ਗਿਆ | ਜਿਸ ਵਿਚ ਇਕ ਨੌਜਵਾਨ ਸੰਗਰੂਰ ਅਤੇ ਦੂਜਾ ਨੌਜਵਾਨ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਮੋਰਾਂਵਾਲੀ ਦਾ ਰਹਿਣ ਵਾਲਾ ਹੈ, ਉਸ ਦੀ ਮੌਤ ਹੋ ਗਈ | ਇਹ ਨੌਜਵਾਨ ਆਪਣੀ ਮਾਂ ਦਾ ਇੱਕਲੌਤਾ ਪੁੱਤ ਸੀ, ਇਸ ਦੇ ਬਾਪ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਘਰ ਵਿਚ ਇਕੱਲੀ ਮਾਂ ਰਹਿ ਗਈ ਹੈ |

ਸੰਗਰੂਰ ਦਾ ਨੌਜਵਾਨ ਆਪਣੇ ਪਿੱਛੇ ਆਪਣੀ ਮਾਂ-ਬਾਪ ਇੱਕ ਭੈਣ ਅਤੇ ਭਰਾ ਨੂੰ ਛੱਡ ਗਿਆ ਹੈ ਦੋਵੇਂ ਪਰਿਵਾਰਾਂ ਵੱਲੋਂ ਆਪਣੇ ਪੁੱਤਰਾਂ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਸਰਕਾਰ ਕੋਲ ਪੁਕਾਰ ਲਗਾਈ ਜਾ ਰਹੀ ਹੈ | ਸੰਗਰੂਰ ਦੇ ਨੌਜਵਾਨ ਦੇ ਪਿਤਾ ਰਾਜੇਸ਼ ਕੁਮਾਰ ਨੇ ਸਰਕਾਰ ਕੋਲ ਪੁਕਾਰ ਲਗਾਈ ਹੈ ਕਿ ਸਾਡੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ, ਤਾਂ ਜੋ ਉਸ ਦਾ ਅਸੀਂ ਰੀਤੀ ਰਿਵਾਜ਼ਾਂ ਨਾਲ ਸਸਕਾਰ ਕਰ ਸਕੀਏ |

ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਤੇ ਰੋਸ ਵੀ ਜ਼ਾਹਰ ਕੀਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਏਥੋਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਏਥੇ ਹੀ ਰੁਜ਼ਗਾਰ ਦੇਣ ਤਾਂ ਕੋਈ ਵੀ ਵਿਦੇਸ਼ੀ ਧਰਤੀ ਉੱਤੇ ਨਹੀਂ ਜਾਵੇਗਾ | ਉਹਨਾਂ ਨੇ ਦੂਜੇ ਮਾਂ-ਬਾਪ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਸੁਪਨਾ ਦੇਖ ਰਹੇ ਹਨ ਤਾਂ ਇਹ ਸੁਪਨਾ ਦੇਖਣਾ ਛੱਡ ਦੇਣਾ ਉਹ ਆਪਣੇ ਬੱਚਿਆਂ ਨੂੰ ਭਾਰਤ ਵਿੱਚ ਹੀ ਕਿਤੇ ਵੀ ਸੈਟ ਕਰ ਦੇਣ | ਪਰ ਵਿਦੇਸ਼ੀ ਧਰਤੀ ਉੱਤੇ ਨਾ ਭੇਜਣ | ਅੱਜ ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਮਾਂ-ਬਾਪ ਉੱਤੇ ਅਜਿਹੇ ਦੁੱਖਾਂ ਦਾ ਪਹਾੜ ਟੁੱਟੇ |