ਚੰਡੀਗੜ੍ਹ, 20 ਅਕਤੂਬਰ 2023: ਪਟਿਆਲਾ ਦੇ ਪਿੰਡ ਮੋਹਲਗੜ੍ਹ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਇਕ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ । ਇਸ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ‘ਚ ਲੋਕ ਉਥੇ ਪਹੁੰਚ ਗਏ। ਇਸ ਤੋਂ ਬਾਅਦ ਐਸਐਸਪੀ ਪਟਿਆਲਾ ਵਰੁਣ ਸ਼ਰਮਾ, ਐਸਪੀ ਸਿਟੀ ਸਰਫਰਾਜ਼ ਆਲਮ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।
ਹਾਸਲ ਜਾਣਕਾਰੀ ਮੁਤਾਬਕ ਸੀਸੀਟੀਵੀ ਦੇ ਆਧਾਰ ‘ਤੇ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਉਹ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਉਕਤ ਵਿਅਕਤੀ ਕਥਿਤ ਦੋਸ਼ੀ ਦਿਮਾਗੀ ਤੌਰ ‘ਤੇ ਬਿਮਾਰ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਦੇ ਪਿੰਡ ਮੋਹਲਗੜ੍ਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਂਟ ਕਰਨਾ ਇਕ ਬੇਹੱਦ ਡੂੰਘੀ ਸਾਜ਼ਿਸ਼ ਹੈ। ਗੁਰੂ ਸਾਹਿਬ ਦੇ ਸਰੂਪ ਦਾ ਇਸ ਤਰੀਕੇ ਨਿਰਾਦਰ ਕਰਨਾ ਅਣਮਨੁੱਖੀ ਕਾਰਾ ਹੈ ਜਿਸਦੀ ਮੈਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਬੇਸ਼ੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਸਾਡੀ ਮੰਗ ਹੈ ਕਿ ਇਸ ਸਾਜ਼ਿਸ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਪੰਜਾਬ ਦੀ ਧਰਤੀ ’ਤੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਸ ਤਰੀਕੇ ਨਿਰਾਦਰ ਕਿਵੇਂ ਕਰ ਸਕਦਾ ਹੈ?





