ਅੰਮ੍ਰਿਤਸਰ, 14 ਜੁਲਾਈ 2025: ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰ.ਬ ਨਾਲ ਉਡਾਉਣ ਦੀ ਇੱਕ ਗੰਭੀਰ ਧਮਕੀ ਈਮੇਲ ਰਾਹੀਂ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਮੀਡੀਆ ਨੂੰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਈਮੇਲ ਬਹੁਤ ਹੀ ਖਤਰਨਾਕ ਮਜਮੂਨ ਵਾਲੀ ਸੀ, ਜਿਸ ‘ਚ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਅਤੇ RDX ਵਰਤ ਕੇ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ। ਧਮਕੀ ‘ਚ ਕਿਸੇ ਵਿਅਕਤੀ ਜਾਂ ਗਿਰੋਹ ਦਾ ਨਾਂ ਨਹੀਂ ਸੀ |
ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਇਹ ਈਮੇਲ ਦੀ ਰਿਪੋਰਟ ਐਸ.ਐਚ.ਓ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਧਮਕੀ ਬਾਰੇ ਸਰਕਾਰੀ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਆਪਣੀ ਪੱਖੋਂ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਮਕੀ ‘ਚ “ਕੱਲ੍ਹ ਜਾਂ ਪਰਸੋਂ” ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਸੀ, ਪਰ ਸਮਾਂ ਸਟੀਕ ਨਹੀਂ ਦੱਸਿਆ ਗਿਆ।
ਸ੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਅਤੇ ਗਲਿਆਰਿਆਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸੁਰੱਖਿਆ ਡਿਊਟੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਕੁਲਵੰਤ ਸਿੰਘ ਮੰਨਣ ਨੇ ਅਖੀਰ ‘ਚ ਆਸ ਜਤਾਈ ਕਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਕਿਰਪਾ ਕਰਨ ਅਤੇ ਕਿਸੇ ਵੀ ਨੁਕਸਾਨ ਤੋਂ ਰੱਖਿਆ ਹੋਵੇ।
Read More: Delhi News: ਦਿੱਲੀ ਦੇ 3 ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ, ਮੌਕੇ ‘ਤੇ ਪਹੁੰਚੀ ਪੁਲਿਸ