July 1, 2024 12:07 am
Sachin Pilot

ਸਚਿਨ ਪਾਇਲਟ ਦਾ ‘ਮੌਨ ਵਰਤ’ ਖਤਮ, ਕਿਹਾ- ਮੁੱਖ ਮੰਤਰੀ ਤੋਂ ਇਕ ਸਾਲ ਤੋਂ ਕਰ ਰਿਹਾਂ ਕਾਰਵਾਈ ਦੀ ਮੰਗ

ਚੰਡੀਗੜ੍ਹ,11 ਅਪ੍ਰੈਲ 2023: ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ (Sachin Pilot) ਦਾ ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਇੱਕ ਦਿਨਾ ‘ਮੌਨ ਵਰਤ’ 5 ਘੰਟੇ ਬਾਅਦ ਖਤਮ ਹੋ ਗਿਆ ਹੈ। ਕਰੀਬ ਪੌਣੇ ਚਾਰ ਵਜੇ ਪਾਇਲਟ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਮਠਿਆਈਆਂ ਖਵਾ ਕੇ ਵਰਤ ਖੋਲ੍ਹਿਆ । ਵਰਤ ਤੋਂ ਬਾਅਦ ਪਾਇਲਟ ਨੇ ਕਿਹਾ ਕਿ ਮੈਂ ਸਿਰਫ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰਨ ਦੇ ਮਕਸਦ ਨਾਲ ਵਰਤ ਰੱਖਿਆ ਸੀ। ਜੇਕਰ ਜਥੇਬੰਦੀ ਦੀ ਗੱਲ ਹੁੰਦੀ ਤਾਂ ਮੈਂ ਜਥੇਬੰਦੀ ਨਾਲ ਗੱਲ ਕਰਨੀ ਸੀ। ਪੂਰੇ ਇੱਕ ਸਾਲ ਤੋਂ ਮੈਂ ਮੁੱਖ ਮੰਤਰੀ ਤੋਂ ਮੰਗ ਕਰ ਰਿਹਾ ਸੀ।

ਪਾਇਲਟ ਭਾਜਪਾ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਸ਼ਾਸਨ ਦੌਰਾਨ ਹੋਏ ਕਥਿਤ ਘੁਟਾਲਿਆਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਗਹਿਲੋਤ ਸਰਕਾਰ ਦੇ ਖ਼ਿਲਾਫ਼ ਮੌਨ ਵਰਤ ‘ਤੇ ਬੈਠੇ ਸਨ। ਉਹ ਸਵੇਰੇ ਆਪਣੇ ਸਮਰਥਕਾਂ ਨਾਲ ਇੱਥੇ ਪੁੱਜੇ ਸਨ। ਕਿਹਾ ਜਾ ਰਿਹਾ ਸੀ ਕਿ ਉਹ ਕੋਈ ਵੱਖਰੀ ਸਿਆਸੀ ਲਾਈਨ ਅਪਣਾ ਸਕਦੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।

ਇੱਥੇ, ਪਾਇਲਟ (Sachin Pilot)  ਦੇ ਵਰਤ ਸ਼ੁਰੂ ਹੋਣ ਤੋਂ ਬਾਅਦ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਅਤੇ ਇੱਕ ਵਾਰ ਫਿਰ ਮਿਸ਼ਨ 2030 ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ 2030 ਤੱਕ ਰਾਜਸਥਾਨ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣਾ ਹੈ। ਪਾਇਲਟ ਦੇ ਮੌਨ ਵਰਤ ਦੇ ਵਿਚਕਾਰ ਮਿਸ਼ਨ 2030 ਨੂੰ ਦੁਹਰਾਉਣ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ।

ਸਚਿਨ ਪਾਇਲਟ ਦੇ ਮੌਨ ਵਰਤ ਬਾਰੇ ਦਿੱਲੀ ‘ਚ ਪਵਨ ਖੇੜਾ ਨੇ ਕਿਹਾ ਕਿ ਜਨਰਲ ਸਕੱਤਰ ਜੈਰਾਮ ਰਮੇਸ਼ ਸ਼ਾਮ ਨੂੰ ਇਸ ਮੁੱਦੇ ‘ਤੇ ਬਿਆਨ ਜਾਰੀ ਕਰਨਗੇ। ਮੌਨ ਵਰਤ ਵਾਲੀ ਥਾਂ ‘ਤੇ ਲਗਾਏ ਗਏ ਪੋਸਟਰਾਂ ‘ਚ ਨਾ ਤਾਂ ਰਾਹੁਲ ਗਾਂਧੀ-ਸੋਨੀਆ ਗਾਂਧੀ ਦੀਆਂ ਤਸਵੀਰਾਂ ਅਤੇ ਨਾ ਹੀ ਕਾਂਗਰਸ ਦਾ ਚਿੰਨ੍ਹ ਪ੍ਰਦਰਸ਼ਿਤ ਕੀਤਾ ਗਿਆ। ਸਿਰਫ ਮਹਾਤਮਾ ਗਾਂਧੀ ਦੀ ਫੋਟੋ ਲਗਾਈ ਗਈ ਸੀ। ਦੂਜੇ ਪਾਸੇ ਸੂਬਾ ਕਾਂਗਰਸ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਜੈਪੁਰ ਦਾ ਦੌਰਾ ਰੱਦ ਕਰ ਦਿੱਤਾ ਹੈ। ਉਹ ਪਾਇਲਟ ਨਾਲ ਗੱਲਬਾਤ ਕਰਨ ਲਈ ਅੱਜ ਦੁਪਹਿਰ ਬਾਅਦ ਜੈਪੁਰ ਪਹੁੰਚਣ ਵਾਲੇ ਸਨ |। ਹੁਣ ਉਹ ਬੁੱਧਵਾਰ ਨੂੰ ਜੈਪੁਰ ਆ ਸਕਦੇ ਹਨ। ਉਨ੍ਹਾਂ ਨੇ ਕੱਲ੍ਹ ਪਾਇਲਟ ਦੀ ਕਾਰਵਾਈ ਨੂੰ ਪਾਰਟੀ ਵਿਰੋਧੀ ਕਰਾਰ ਦਿੱਤਾ ਸੀ।