July 3, 2024 3:21 am
Maldives

ਐੱਸ ਜੈਸ਼ੰਕਰ ਵੱਲੋਂ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ, ਭਾਰਤੀ ਫੌਜ ਦੀ ਵਾਪਸੀ ਦੇ ਮੁੱਦੇ ‘ਤੇ ਹੋਈ ਚਰਚਾ

ਚੰਡੀਗੜ੍ਹ, 19 ਜਨਵਰੀ 2024: ਭਾਰਤ ਅਤੇ ਮਾਲਦੀਵ (Maldives) ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਗਾਂਡਾ ਦੀ ਰਾਜਧਾਨੀ ਕੰਪਾਲਾ ‘ਚ ਮਾਲਦੀਵ ਦੇ ਵਿਦੇਸ਼ ਮੰਤਰੀ ਮੋਸਾ ਜਮੀਰ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਆਪਸੀ ਸਬੰਧਾਂ ਅਤੇ ਭਾਰਤੀ ਫੌਜਾਂ ਦੀ ਵਾਪਸੀ ਦੇ ਮੁੱਦੇ ‘ਤੇ ਚਰਚਾ ਹੋਈ।

ਦਰਅਸਲ, ਜੈਸ਼ੰਕਰ ਗੈਰ-ਗਠਜੋੜ ਅੰਦੋਲਨ (NAM) ਸੰਮੇਲਨ ਲਈ ਯੂਗਾਂਡਾ ਗਏ ਹਨ। ਦੋਵਾਂ ਆਗੂਆਂ ਦੀ ਇਹ ਮੁਲਾਕਾਤ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਸਿਖਰ ਸੰਮੇਲਨ ਤੋਂ ਪਹਿਲਾਂ ਹੋਈ। ਇਸ ਦੌਰਾਨ ਉਨ੍ਹਾਂ ਨੇ ਮਾਲਦੀਵ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ, ਸਾਰਕ ਅਤੇ ਨੈਮ ਵਿੱਚ ਦੋਵਾਂ ਦੇਸ਼ਾਂ ਦੀ ਸ਼ਮੂਲੀਅਤ ਬਾਰੇ ਵੀ ਚਰਚਾ ਕੀਤੀ।

ਮੁਲਾਕਾਤ ਤੋਂ ਬਾਅਦ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਅਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਅਤੇ ਇਸ ਨੂੰ ਅੱਗੇ ਲਿਜਾਣ ਲਈ ਵਚਨਬੱਧ ਹਾਂ। ਮਾਲਦੀਵ ਹਿੰਦ ਮਹਾਸਾਗਰ ਵਿੱਚ ਭਾਰਤ ਦੇ ਪ੍ਰਮੁੱਖ ਸਮੁੰਦਰੀ ਗੁਆਂਢੀਆਂ ਵਿੱਚੋਂ ਇੱਕ ਹੈ।

ਪੰਜ ਦਿਨ ਪਹਿਲਾਂ ਮਾਲਦੀਵ (Maldives) ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨਰ ਦੀ ਮੌਜੂਦਗੀ ਵਿੱਚ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਦਫ਼ਤਰ ਨੇ ਭਾਰਤ ਨੂੰ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ ਲਈ 15 ਮਾਰਚ ਦੀ ਸਮਾਂ ਸੀਮਾ ਦਿੱਤੀ ਸੀ।

ਉਨ੍ਹਾਂ ਕਿਹਾ ਸੀ ਕਿ ਭਾਰਤੀ ਸੈਨਿਕ ਮਾਲਦੀਵ ਵਿੱਚ ਨਹੀਂ ਰਹਿ ਸਕਦੇ। ਇਹ ਰਾਸ਼ਟਰਪਤੀ ਮੁਈਜ਼ੂ ਅਤੇ ਉਸਦੀ ਸਰਕਾਰ ਦੀ ਨੀਤੀ ਹੈ। ਮਾਲਦੀਵ ਮੀਡੀਆ ਨੇ ਉਥੋਂ ਦੀ ਸਰਕਾਰ ਦੇ ਹਵਾਲੇ ਨਾਲ ਕਿਹਾ ਕਿ ਇਸ ਸਮੇਂ ਮਾਲਦੀਵ ‘ਚ 88 ਭਾਰਤੀ ਫੌਜੀ ਮੌਜੂਦ ਹਨ। ਦੋਵਾਂ ਦੇਸ਼ਾਂ ਵਿਚਾਲੇ ਫੌਜਾਂ ਦੀ ਵਾਪਸੀ ਨੂੰ ਲੈ ਕੇ ਚਰਚਾ ਕਰਨ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ।