July 7, 2024 4:14 pm
ਪਰਾਲੀ ਪ੍ਰਬੰਧਨ

ਐੱਸ.ਏ.ਐੱਸ. ਨਗਰ: ਵਧੀਕ ਡਿਪਟੀ ਕਮਿਸ਼ਨਰ ਵੱਲੋਂ ਖੇਤਾਂ ‘ਚ ਜਾ ਕੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ

ਐੱਸ.ਏ.ਐੱਸ. ਨਗਰ, 26 ਸਤੰਬਰ 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਮੁਤਾਬਕ ਵੱਖੋ ਵੱਖ ਸੀਨੀਅਰ ਅਧਿਕਾਰੀਆਂ ਵਲੋਂ ਖੇਤਾਂ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ ਨੇ ਪਿੰਡ ਠੱਸਕਾ ਤਹਿਸੀਲ ਮੋਹਾਲੀ ਵਿਖੇ ਭੂਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਖੇਤ ਵਿਚ ਪਰਾਲੀ ਦੀਆਂ ਗੰਢਾਂ ਤਿਆਰ ਕਰਵਾਈਆਂ l ਇਸ ਮੌਕੇ ਉਹਨਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰਾਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਇਕ ਕਰ ਕੇ ਕੰਮ ਕਰ ਰਿਹਾ ਹੈ। ਜਿੱਥੇ ਵੱਡੀ ਗਿਣਤੀ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ, ਉੱਥੇ ਉਹਨਾਂ ਨੂੰ ਜਾਗਰੂਕ ਕਰਨ ਲਈ ਵੀ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਸਲ ਉਤਪਾਦਨ ਲਈ ਮੁੱਖ ਤੌਰ ਉੱਤੇ 17 ਤੱਤਾਂ ਦੀ ਲੋੜ ਹੁੰਦੀ ਹੈ ਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਇਹ ਤੱਤ ਨਸ਼ਟ ਹੋ ਜਾਂਦੇ ਹਨ ਜਾਂ ਫਿਰ ਧਰਤੀ ਵਿੱਚ ਲਘੂ ਤੱਤਾਂ ਦੀ ਘਾਟ ਵੀ ਵੇਖੀ ਜਾਂਦੀ ਹੈ, ਜਿਨ੍ਹਾਂ ਵਿੱਚ ਝੋਨੇ ਵਿੰਚ ਜ਼ਿੰਕ ਦੀ ਘਾਟ ਅਤੇ ਕਣਕ ਵਿੱਚ ਮੈਗਨੀਜ਼ ਦੀ ਘਾਟ ਸ਼ਾਮਲ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਦਾ ਸੁਚੱਜਾ ਪ੍ਰਬੰਧਨ ਕਰਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧਨ ਲਈ ਖੇਤੀ ਮਾਹਰਾਂ ਵੱਲੋਂ ਵਿਕਸਤ ਕੀਤੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕੀਤਾ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਕਿਸਾਨਾਂ ਨੂੰ 136 ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਹੋਰ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਹਿਤ ਨੋਡਲ ਅਫ਼ਸਰ ਤੇ ਕਲੱਸਟਰ ਅਫਸਰ ਵੀ ਤਾਇਨਾਤ ਕੀਤੇ ਗਏ ਹਨ।

ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਵਿਅਕਤੀਗਤ ਕਿਸਾਨਾਂ ਨੂੰ 09 ਬੇਲਰ, 09 ਰੇਕ, 68 ਸੁਪਰ ਸੀਡਰ, 09 ਜ਼ੀਰੋ ਟਿੱਲ ਡਰਿੱਲ, 02 ਮਲਚਰ, 03 ਸ਼ਰਬਕੱਟਰ , 05 ਐਮ.ਬੀ.ਪਲਾਓ , 02 ਐਂਸ.ਐਮ.ਐੱਸ., 03 ਚੌਪਰ ਕਮ ਸ਼ਰੈਡਰ ਦਿੱਤੇ ਗਏ ਹਨ।ਐੱਸ.ਸੀ. ਵਰਗ ਤਹਿਤ 01 ਬੇਲਰ, 01 ਰੇਕ, 02 ਸੁਪਰ ਸੀਡਰ, 01 ਐਸ.ਐਮ.ਐਸ. ਅਤੇ 01 ਮਲਚਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 12 ਮਸ਼ੀਨਾਂ ਸਹਿਕਾਰੀ ਸਭਾਵਾਂ ਨੂੰ ਦਿੱਤੀਆਂ ਗਈਆਂ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਗਤ ਕਿਸਾਨਾਂ ਕੋਲ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਉਪਲਬੱਧ ਹੈ, ਉਹ ਕਿਸਾਨ ਆਪਣੀ ਬਿਜਾਈ ਕਰਨ ਤੋਂ ਬਾਅਦ ਦੂਸਰੇ ਕਿਸਾਨਾਂ ਨੂੰ ਕਿਰਾਏ ਤੇ ਖੇਤੀ ਮਸ਼ੀਨਰੀ ਦੇਣ ਤਾਂ ਜੋ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ।

ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਥਾਪਿਤ ਕੀਤੇ ਗਏ ਕਸਟਮ ਹਾਇਰਿੰਗ ਸੈਂਟਰ ਅਤੇ ਸਹਿਕਾਰੀ ਸਭਾਵਾਂ ਵਿੱਚੋਂ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਨੂੰ ਕਿਰਾਏ ‘ਤੇ ਲੈ ਕੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਤੇ ਵਰਤੋਂ ਕਰ ਸਕਦੇ ਹਨ।