ਚੰਡੀਗੜ੍ਹ, 24 ਜੂਨ 2023: ਵੈਗਨਰ ਗਰੁੱਪ (Wagner Group) ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਦੁਆਰਾ ਬਗਾਵਤ ਦਾ ਐਲਾਨ ਕਰਨ ਤੋਂ ਬਾਅਦ ਰੂਸ ਵਿੱਚ ਰੂਸੀ ਫੌਜ ਅਤੇ ਵੈਗਨਰ ਗਰੁੱਪ ਦੇ ਲੜਾਕਿਆਂ ਵਿਚਕਾਰ ਲੜਾਈ ਸ਼ੁਰੂ ਹੋਣ ਦੀ ਖ਼ਬਰ ਹੈ । ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਲੜਾਕੇ ਰੋਸਤੋਵ ਸ਼ਹਿਰ ਵਿੱਚ ਦਾਖਲ ਹੋ ਗਏ ਹਨ ਅਤੇ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ । ਯੇਵਗੇਨੀ ਪ੍ਰਿਗੋਜਿਨ ਨੇ ਰੂਸ ਦੇ ਰੱਖਿਆ ਮੰਤਰੀ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਰੂਸੀ ਫੌਜ ਦੇ ਹੈੱਡਕੁਆਰਟਰ ‘ਤੇ ਹਮਲਾ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਰੂਸੀ ਫੌਜ ਦੇ ਹੈੱਡਕੁਆਰਟਰ ਦੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।
ਵੈਗਨਰ ਗਰੁੱਪ (Wagner Group) ਦੇ ਵਿਦਰੋਹ ਤੋਂ ਬਾਅਦ ਰਾਜਧਾਨੀ ਮਾਸਕੋ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਾਸਕੋ ਦੇ ਮੇਅਰ ਨੇ ਕਿਹਾ ਕਿ ਰਾਜਧਾਨੀ ‘ਚ ਅੱਤਵਾਦ ਵਿਰੋਧੀ ਕਦਮ ਚੁੱਕੇ ਗਏ ਹਨ। ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਪਾਵਲੋਵਸਕ ਜ਼ਿਲੇ ‘ਚ ਰੂਸੀ ਫੌਜ ਅਤੇ ਵੈਗਨਰ ਗਰੁੱਪ ਦੇ ਲੜਾਕਿਆਂ ਵਿਚਾਲੇ ਝੜੱਪ ਦੀਆਂ ਖਬਰਾਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਵੀਡਿਓ ਵਿੱਚ ਰੋਸਟੋਵ ਸ਼ਹਿਰ ਦੀਆਂ ਗਲੀਆਂ ਵਿਚ ਟੈਂਕ ਅਤੇ ਹਥਿਆਰਬੰਦ ਸਿਪਾਹੀ ਦਿਖਾਈ ਦੇ ਰਹੇ ਹਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ।