ਚੰਡੀਗੜ੍ਹ 01 ਜੁਲਾਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਲੋਂ ਬੀਤੇ ਦਿਨ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਸਥਿਤੀ ‘ਤੇ ਭਾਰਤ ਦੀ ਸਥਿਤੀ ਨੂੰ ਦੁਹਰਾਇਆ ਅਤੇ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵੀ ਗੱਲ ਕੀਤੀ। PM ਮੋਦੀ ਨੇ ਦੋਵਾਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਲੱਭਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਟੈਲੀਫ਼ੋਨ ‘ਤੇ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦਸੰਬਰ 2021 ਵਿੱਚ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ ਦੌਰਾਨ ਲਏ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਸਮੀਖਿਆ ਕੀਤੀ। ਦੋਵਾਂ ਨੇਤਾਵਾਂ ਨੇ ਖੇਤੀ ਵਸਤਾਂ, ਖਾਦਾਂ ਅਤੇ ਫਾਰਮਾ ਉਤਪਾਦਾਂ ਵਿੱਚ ਦੁਵੱਲੇ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਊਰਜਾ ਅਤੇ ਭੋਜਨ ਬਾਜ਼ਾਰਾਂ ਦੀ ਸਥਿਤੀ ਸਮੇਤ ਗਲੋਬਲ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਪੀਐਮਓ ਨੇ ਕਿਹਾ ਕਿ ਦੋਵੇਂ ਨੇਤਾ ਗਲੋਬਲ ਅਤੇ ਦੁਵੱਲੇ ਮੁੱਦਿਆਂ ‘ਤੇ ਨਿਯਮਤ ਸਲਾਹ-ਮਸ਼ਵਰੇ ਜਾਰੀ ਰੱਖਣ ਲਈ ਸਹਿਮਤ ਹੋਏ।