ਦੇਸ, 11 ਸਤੰਬਰ 2025: ਕੇਂਦਰ ਸਰਕਾਰ ਨੇ ਰੂਸੀ ਫੌਜ ‘ਚ ਭਾਰਤੀਆਂ ਦੀ ਭਰਤੀ ਸਬੰਧੀ ਆਪਣਾ ਬਿਆਨ ਜਾਰੀ ਕੀਤਾ ਹੈ। ਇਸ ਮਾਮਲੇ ਨਾਲ ਸਬੰਧਤ ਮੀਡੀਆ ਦੇ ਸਵਾਲਾਂ ਦੇ ਜਵਾਬ ‘ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ ਕਿ ‘ਅਸੀਂ ਹਾਲ ਹੀ ‘ਚ ਰੂਸੀ ਫੌਜ ਵਿੱਚ ਭਾਰਤੀ ਨਾਗਰਿਕਾਂ ਦੀ ਭਰਤੀ ਬਾਰੇ ਰਿਪੋਰਟਾਂ ਦੇਖੀਆਂ ਹਨ। ਸਰਕਾਰ ਨੇ ਪਿਛਲੇ ਇੱਕ ਸਾਲ ‘ਚ ਕਈ ਵਾਰ ਅਜਿਹੀ ਕਾਰਵਾਈ ‘ਚ ਮੌਜੂਦ ਜੋਖਮਾਂ ਅਤੇ ਖ਼ਤਰਿਆਂ ਨੂੰ ਰੇਖਾਂਕਿਤ ਕੀਤਾ ਹੈ। ਭਾਰਤੀ ਨਾਗਰਿਕਾਂ ਨੂੰ ਵੀ ਇਸ ਅਨੁਸਾਰ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਹ ਮਾਮਲਾ ਦਿੱਲੀ ਅਤੇ ਮਾਸਕੋ ਦੋਵਾਂ ‘ਚ ਰੂਸੀ ਅਧਿਕਾਰੀਆਂ ਨਾਲ ਵੀ ਉਠਾਇਆ ਹੈ। ਅਸੀਂ ਬੇਨਤੀ ਕੀਤੀ ਹੈ ਕਿ ਇਸ ਪ੍ਰਥਾ ਨੂੰ ਰੋਕਿਆ ਜਾਵੇ। ਸਾਡੇ ਨਾਗਰਿਕਾਂ ਨੂੰ ਵਾਪਸ ਭੇਜਿਆ ਜਾਵੇ। ਅਸੀਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ‘ਚ ਵੀ ਹਾਂ।’
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਲੋਕਾਂ ਨੂੰ ਕਿਸੇ ਵੀ ਅਜਿਹੇ ਪ੍ਰਸਤਾਵ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜੋ ਉਨ੍ਹਾਂ ਦੀ ਜਾਨ ਨੂੰ ਖਤਰੇ ‘ਚ ਪਾਉਂਦਾ ਹੈ। ਉਨ੍ਹਾਂ ਅੰਤ ‘ਚ ਕਿਹਾ, ‘ਅਸੀਂ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਬੇਨਤੀ ਕਰਦੇ ਹਾਂ। ਅਸੀਂ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ‘ਚ ਸ਼ਾਮਲ ਹੋਣ ਦੇ ਕਿਸੇ ਵੀ ਪ੍ਰਸਤਾਵ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ। ਅਜਿਹਾ ਕਰਨਾ ਜਾਨ ਨੂੰ ਜੋਖਮ ‘ਚ ਪਾਉਣ ਜਾਂ ਖ਼ਤਰੇ ਨਾਲ ਖੇਡਣ ਵਰਗਾ ਹੈ।’
ਭਾਰਤ ਵਾਰ-ਵਾਰ ਰੂਸ ਨੂੰ ਬੇਨਤੀ ਕਰ ਰਿਹਾ ਹੈ ਕਿ ਉਹ ਰੂਸੀ ਫੌਜੀ ਯੂਨਿਟਾਂ ‘ਚ ਸਹਾਇਕ ਸਟਾਫ ਜਿਵੇਂ ਕਿ ਰਸੋਈਏ ਅਤੇ ਸਹਾਇਕਾਂ ਵਜੋਂ ਕੰਮ ਕਰਦੇ ਸਾਰੇ ਭਾਰਤੀਆਂ ਨੂੰ ਰਿਹਾਅ ਕਰੇ। ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਰੂਸ ਦੀ ਆਪਣੀ ਫੇਰੀ ਦੌਰਾਨ ਵੀ ਉਠਾਇਆ ਸੀ।
Read More: ਯੂਕਰੇਨ ‘ਚ ਫਸੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ, ਰੂਸੀ ਫੌਜ ‘ਚ ਜ਼ਬਰਦਸਤੀ ਕੀਤਾ ਭਰਤੀ