ਵਿਦੇਸ਼, 24 ਜੁਲਾਈ 2025: Russia Plane Crash: ਰੂਸੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਰੂਸ-ਚੀਨ ਸਰਹੱਦ ‘ਤੇ ਲਾਪਤਾ ਹੋਇਆ ਰੂਸੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਅਤੇ ਇਸ ‘ਚ ਸਵਾਰ ਸਾਰੇ 49 ਜਣਿਆਂ ਦੀ ਮੌਤ ਹੋ ਗਈ ਹੈ। ਰਿਪੋਰਟ ਦੇ ਮੁਤਾਬਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਲੱਗ ਗਈ। ਹਾਦਸੇ ‘ਚ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਰੂਸ ਦੇ ਸਿਵਲ ਡਿਫੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।
ਕੁਝ ਸਮਾਂ ਪਹਿਲਾਂ, ਇੱਕ ਸਥਾਨਕ ਰੂਸੀ ਅਧਿਕਾਰੀ ਨੇ ਲਾਪਤਾ ਜਹਾਜ਼ ਬਾਰੇ ਜਾਣਕਾਰੀ ਦਿੱਤੀ ਸੀ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਪੂਰਬੀ ਅਮੂਰ ਖੇਤਰ ‘ਚ ਰੂਸੀ ਹਵਾਈ ਆਵਾਜਾਈ ਕੰਟਰੋਲ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਇਹ ਖੇਤਰ ਰੂਸ ਅਤੇ ਚੀਨ ਦੀ ਸਰਹੱਦ ‘ਤੇ ਸਥਿਤ ਹੈ। ਲਾਪਤਾ ਜਹਾਜ਼ ਸਾਇਬੇਰੀਆ ਸਥਿਤ ਅੰਗਾਰਾ ਏਅਰਲਾਈਨਜ਼ ਦਾ ਐਂਟੋਨੋਵ-24 ਜਹਾਜ਼ ਸੀ।
ਰੂਸੀ ਏਜੰਸੀ TASS ਦੇ ਮੁਤਾਬਕ, ਅੰਗਾਰਾ ਏਅਰਲਾਈਨਜ਼ ਦਾ ਜਹਾਜ਼ ਬਲਾਗੋਵੇਸ਼ਚੇਂਸਕ ਤੋਂ ਚੀਨ ਦੀ ਸਰਹੱਦ ‘ਤੇ ਅਮੂਰ ਖੇਤਰ ਦੇ ਟਿੰਡਾ ਹਵਾਈ ਅੱਡੇ ਜਾ ਰਿਹਾ ਸੀ। ਜਹਾਜ਼ ‘ਚ 43 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ ਪੰਜ ਬੱਚੇ ਅਤੇ ਛੇ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਸਥਾਨਕ ਗਵਰਨਰ ਵੈਸੀਲੀ ਓਰਲੋਵ ਨੇ ਟੈਲੀਗ੍ਰਾਮ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਕਿਹਾ ਕਿ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ।
ਜਦੋਂ ਜਹਾਜ਼ ਦਾ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਟੁੱਟ ਗਿਆ, ਤਾਂ ਇਹ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ। ਟਾਈਂਡਾ ਹਵਾਈ ਅੱਡੇ ਦੇ ਡਾਇਰੈਕਟਰ ਨੇ ਇੱਕ ਬਿਆਨ ‘ਚ ਕਿਹਾ ਕਿ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਇਸ ‘ਚ ਅੱਗ ਲੱਗ ਗਈ। ਇਲਾਕੇ ਦੇ ਹਵਾਈ ਸਰਵੇਖਣ ਤੋਂ ਬਾਅਦ, ਇੱਕ MI-8 ਹੈਲੀਕਾਪਟਰ ਦੇ ਅਮਲੇ ਨੇ ਕਿਹਾ ਕਿ ਹਾਦਸੇ ‘ਚ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ।
Read More: ਅੰਗਾਰਾ ਏਅਰਲਾਈਨਜ਼ ਦਾ ਰੂਸੀ ਜਹਾਜ਼ ਲਾਪਤਾ, 50 ਯਾਤਰੀ ਸਨ ਸਵਾਰ