ਚੰਡੀਗੜ੍ਹ, 03 ਮਈ 2023: ਯੂਕਰੇਨ ਦੇ ਰੱਖਿਆ ਵਿਭਾਗ ਵੱਲੋਂ ਹਿੰਦੂ ਦੇਵੀ ਮਾਂ ਕਾਲੀ (Maa Kali) ਦਾ ਮਜ਼ਾਕ ਉਡਾਉਣ ਦੇ ਮਾਮਲੇ ਵਿੱਚ ਭਾਰਤ ਨੂੰ ਰੂਸ ਦਾ ਸਮਰਥਨ ਮਿਲਿਆ ਹੈ। ਰੂਸ ਨੇ ਯੂਕਰੇਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਯੂਕਰੇਨ ਦੀ ਤੁਲਨਾ ਨਾਜ਼ੀਵਾਦ ਨਾਲ ਕੀਤੀ ਹੈ। ਜਿਕਰਯੋਗ ਹੈ ਕਿ ਯੂਕਰੇਨ ਦੇ ਰੱਖਿਆ ਵਿਭਾਗ ਨੇ ਹਾਲ ਹੀ ਵਿੱਚ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਇੱਕ ਧਮਾਕੇ ਤੋਂ ਬਾਅਦ ਉੱਠ ਰਹੇ ਧੂੰਏਂ ਨੂੰ ਮਾਂ ਕਾਲੀ ਦੇ ਰੂਪ ਵਿੱਚ ਦਿਖਾਇਆ ਗਿਆ ਸੀ ਅਤੇ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਗਿਆ ਸੀ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਯੂਕਰੇਨ ਨੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ।
ਸੰਯੁਕਤ ਰਾਸ਼ਟਰ ‘ਚ ਰੂਸ ਦੇ ਪ੍ਰਤੀਨਿਧੀ ਦਮਿਤਰੀ ਪੋਲਿੰਸਕੀ ਨੇ ਕਿਹਾ ਕਿ ‘ਕੀਵ ਦੀ ਸਰਕਾਰ ਕਿਸੇ ਦੇ ਆਸਥਾ ਦੀ ਪਰਵਾਹ ਨਹੀਂ ਕਰਦੀ, ਚਾਹੇ ਉਹ ਹਿੰਦੂ, ਮੁਸਲਿਮ ਜਾਂ ਈਸਾਈ ਆਰਥੋਡਾਕਸ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨੀ ਸੈਨਿਕ ਕੁਰਾਨ ਨੂੰ ਸਾੜ ਰਹੇ ਹਨ, ਮਾਂ ਕਾਲੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਆਰਥੋਡਾਕਸ ਈਸਾਈਆਂ ਦੇ ਪਵਿੱਤਰ ਸਥਾਨਾਂ ਨੂੰ ਤਬਾਹ ਕਰ ਰਹੇ ਹਨ। ਉਹ ਸਿਰਫ਼ ਨਾਜ਼ੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਯੂਕਰੇਨ ਨੂੰ ਸਭ ਤੋਂ ਉੱਪਰ ਸਮਝਦਾ ਹੈ।
ਯੂਕਰੇਨ ਨੇ ਮੁਆਫ਼ੀ ਮੰਗੀ
ਯੂਕਰੇਨ ਦੀ ਸਰਕਾਰ ਨੇ ਵੀ ਆਪਣੇ ਰੱਖਿਆ ਵਿਭਾਗ ਦੇ ਟਵੀਟ ਲਈ ਮੁਆਫ਼ੀ ਮੰਗੀ ਸੀ । ਯੂਕਰੇਨ ਦੀ ਉਪ ਵਿਦੇਸ਼ ਮੰਤਰੀ ਐਮੀਨ ਜਾਪਰੋਵਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ‘ਹਿੰਦੂ ਦੇਵੀ ਮਾਂ ਕਾਲੀ (Maa Kali) ਨੂੰ ਗਲਤ ਤਰੀਕੇ ਨਾਲ ਦਿਖਾਉਣ ਲਈ ਅਸੀਂ ਅਤੇ ਸਾਡਾ ਰੱਖਿਆ ਵਿਭਾਗ ਸ਼ਰਮਿੰਦਾ ਹੈ । ਯੂਕਰੇਨ ਅਤੇ ਯੂਕਰੇਨ ਦੇ ਲੋਕ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹਨ। ਉਹ ਫੋਟੋ ਹਟਾ ਦਿੱਤੀ ਗਈ ਹੈ ਅਤੇ ਅਸੀਂ ਆਪਸੀ ਸਹਿਯੋਗ ਅਤੇ ਆਪਸੀ ਸਨਮਾਨ ਨੂੰ ਵਧਾਉਣ ਲਈ ਸਮਰਪਿਤ ਹਾਂ।