ਰੂਪਨਗਰ ਪ੍ਰਸ਼ਾਸਨ

Rupnagar News: ਰੂਪਨਗਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ‘ਚ ਸ਼ਖਤ ਪਾਬੰਦੀਆਂ ਦੇ ਹੁਕਮ ਜਾਰੀ

ਰੂਪਨਗਰ, 25 ਜੂਨ 2025: ਰੂਪਨਗਰ ਪ੍ਰਸ਼ਾਸਨ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਕਈ ਅਹਿਮ ਹੁਕਮ ਲਾਗੂ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵਰਜੀਤ ਵਾਲੀਆ ਵੱਲੋਂ ਜਾਰੀ ਇਨ੍ਹਾਂ ਹਦਾਇਤਾਂ ‘ਚ ਜਨਤਕ ਥਾਵਾਂ ‘ਤੇ ਹਥਿਆਰ ਪ੍ਰਦਰਸ਼ਨ ਤੋਂ ਲੈ ਕੇ ਡਰੋਨ ਉਡਾਉਣ ਤੱਕ ਹਰ ਚੀਜ਼ ‘ਤੇ ਪਾਬੰਦੀ ਲਗਾਈ ਗਈ ਹੈ।

ਰੂਪਨਗਰ ‘ਚ ਵਿਆਹ ਸਮਾਗਮਾਂ ‘ਚ ਹਥਿਆਰ ਲੈ ਕੇ ਜਾਣ ਅਤੇ ਫਾਇਰ ਕਰਨ ‘ਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਨਾ ਸਿਰਫ਼ ਗੈਰ-ਕਾਨੂੰਨੀ ਹਨ, ਸਗੋਂ ਜਾਨ-ਮਾਲ ਦੇ ਨੁਕਸਾਨ ਦੀ ਵੀ ਸੰਭਾਵਨਾ ਹੈ। ਇਸ ਰੁਝਾਨ ਨੂੰ ਰੋਕਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹੇ ‘ਚ ਕਿਸੇ ਵੀ ਨਵੇਂ ਕਿਰਾਏਦਾਰ ਜਾਂ ਮਹਿਮਾਨ ਨੂੰ ਰੱਖਣ ਤੋਂ ਪਹਿਲਾਂ, ਉਸਦੀ ਪੂਰੀ ਜਾਣਕਾਰੀ ਜਿਵੇਂ ਕਿ ਨਾਮ, ਪਤਾ, ਫੋਟੋ ਆਦਿ ਸਥਾਨਕ ਪੁਲਿਸ ਸਟੇਸ਼ਨ ਜਾਂ ਚੌਕੀ ‘ਚ ਦਰਜ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਕਦਮ ਅਪਰਾਧਿਕ ਤੱਤਾਂ ‘ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

ਪੰਜਾਬ ਸਰਕਾਰ ਦੀ ਤੰਬਾਕੂ ਉਤਪਾਦਾਂ ਦੀ ਖਪਤ ‘ਤੇ ਪਾਬੰਦੀ ਲਗਾਉਣ ਦੀ ਨੀਤੀ ਅਨੁਸਾਰ, ਹੁਣ ਰੂਪਨਗਰ ਜ਼ਿਲ੍ਹੇ ‘ਚ ਹੁੱਕਾ ਬਾਰਾਂ ਦੇ ਸੰਚਾਲਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਵੀ ਰੈਸਟੋਰੈਂਟ, ਹੋਟਲ ਜਾਂ ਮੈਰਿਜ ਪੈਲੇਸ ‘ਚ ਹੁੱਕਾ ਪਰੋਸੇ ਜਾਣ ਦੀ ਜਾਣਕਾਰੀ ਮਿਲਦੀ ਹੈ, ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।

ਪਸ਼ੂ ਪਾਲਣ ਵਿਭਾਗ ਦੀਆਂ ਨੀਤੀਆਂ ਦੇ ਤਹਿਤ, ਨਕਲੀ ਜਾਂ ਅਣਅਧਿਕਾਰਤ ਵੀਰਜ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਰਾਸ਼ਟਰੀ ਸੁਰੱਖਿਆ ਦੇ ਤਹਿਤ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ, ਨੰਗਲ ਦੇ ਆਲੇ ਦੁਆਲੇ ਦੇ ਖੇਤਰ ਨੂੰ ‘ਨੋ ਡਰੋਨ ਜ਼ੋਨ’ ਐਲਾਨਿਆ ਗਿਆ ਹੈ।

Read More: ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਫਟਿਆ AC ਦਾ ਕੰਪ੍ਰੈਸਰ, ਇਕ ਮਹਿਲਾ ਦੀ ਮੌ.ਤ

Scroll to Top