CISF

RTI ਕਮਿਸ਼ਨ ਵੱਲੋਂ ਭਗੌੜੇ ਨੂੰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰਨ ਦੇ ਮਾਮਲੇ ‘ਚ SIT ਗਠਨ ਦੇ ਹੁਕਮ

ਚੰਡੀਗੜ੍ਹ, 3 ਸਤੰਬਰ 2025: ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇੱਕ ਭਗੌੜੇ ਵਿਅਕਤੀ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਰੀ ਕਰਨ ਦੇ ਮਾਮਲੇ ਦੀ ਜਾਂਚ ਲਈ ਐਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਹਨ।

ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਗੀਤਿਕਾ ਪੁੱਤਰੀ ਅਨਿਲ ਕੁਮਾਰ, ਵਾਸੀ ਗੁਰਦੁਆਰਾ ਮਾਰਗ, ਮੱਖੂ ਤਹਿਸੀਲ ਜ਼ੀਰਾ (ਫਿਰੋਜ਼ਪੁਰ) ਵੱਲੋਂ ਲੋਕ ਸੂਚਨਾ ਅਧਿਕਾਰੀ ਦਫ਼ਤਰ ਏ.ਡੀ.ਸੀ.ਪੀ.-3 ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਪਹਿਲੀ ਅਪੀਲੀ ਅਥਾਰਟੀ ਦਫ਼ਤਰ ਪੁਲਿਸ ਕਮਿਸ਼ਨਰ ਲੁਧਿਆਣਾ ਵਿਰੁੱਧ ਦਾਇਰ ਅਪੀਲ ਕੇਸ ਨੰਬਰ 3820/2023 ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਾਹਿਲ ਮਲਹੋਤਰਾ ਪੁੱਤਰ ਰਾਕੇਸ਼ ਮਲਹੋਤਰਾ ਅਤੇ ਮਮਤਾ ਰਾਣੀ, ਵਾਸੀ ਪਲਾਟ ਨੰਬਰ 90, ਗਲੀ ਨੰਬਰ 5, ਨਿਊ ਸ਼ਿਵਪੁਰੀ ਰੋਡ, ਪ੍ਰੀਤ ਨਗਰ, ਲੁਧਿਆਣਾ ਵਿਰੁੱਧ ਆਈਪੀਸੀ ਦੀ ਧਾਰਾ 498-ਏ ਅਤੇ 406 ਤਹਿਤ ਮਹਿਲਾ ਸੈੱਲ ਫਿਰੋਜ਼ਪੁਰ ‘ਚ ਐਫ.ਆਈ.ਆਰ ਨੰਬਰ 22 ਮਿਤੀ 03/12/2018 ਦਰਜ ਕੀਤੀ ਸੀ। ਇਸ ਦੇ ਬਾਵਜੂਦ, ਪੰਜਾਬ ਪੁਲਿਸ ਨੇ ਉਕਤ ਵਿਅਕਤੀ ਨੂੰ ਪਾਸਪੋਰਟ ਨਾਲ ਸਬੰਧਤ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਰੀ ਕਰ ਦਿੱਤਾ।

ਉਕਤ ਮਾਮਲੇ ਦੀ ਸੁਣਵਾਈ ਤੋਂ ਬਾਅਦ, ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਨੇ ਇੱਕ ਹੁਕਮ ਜਾਰੀ ਕਰਕੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਇੱਕ ਐਸਆਈਟੀ ਬਣਾ ਕੇ ਮਾਮਲੇ ਦੀ ਜਾਂਚ ਕਰਨ ਅਤੇ ਛੇ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਕਮਿਸ਼ਨ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਪੰਜਾਬ ਰਾਜ ਸੂਚਨਾ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਹਨ।

Read More: RTI ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ 175 ਕੇਸਾਂ ਦਾ ਕੀਤਾ ਨਿਪਟਾਰਾ

Scroll to Top