ਚੰਡੀਗੜ੍ਹ, 04 ਫਰਵਰੀ 2026: ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਦੀ ਬਿਲਡਿੰਗ ਬ੍ਰਾਂਚ ਜੋਨ ਡੀ ਦੇ ਪੀ.ਆਈ.ਓ. ਕਮ ਅਸਿਸਟੈਂਟ ਟਾਊਨ ਪਲਾਨਰ ਖਿਲਾਫ਼ ਵਾਰੰਟ ਜਾਰੀ ਕੀਤੇ ਹਨ।
ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਸਿੰਘ ਨਿਵਾਸੀ ਗੁਰੂ ਨਾਨਕ ਨਗਰ, ਪਿੰਡ ਭੋਲਾਪੁਰ ਝੱਬੇਵਾਲ, (ਜ਼ਿਲ੍ਹਾ ਲੁਧਿਆਣਾ) ਵੱਲੋਂ ਦਾਇਰ ਅਪੀਲ ਕੇਸ ਨੰ: 6157 ਆਫ 2023 ‘ਚ ਲੁਧਿਆਣਾ ਦੀ ਬਿਲਡਿੰਗ ਬ੍ਰਾਂਚ ਜੋਨ ਡੀ ਦੇ ਪੀ.ਆਈ.ਓ. ਕਮ ਅਸਿਸਟੈਂਟ ਟਾਊਨ ਪਲਾਨਰ ਕੁਲਜੀਤ ਸਿੰਘ ਮਾਂਗਟ ਖਿਲਾਫ਼ ਕਮਿਸ਼ਨ ਵੱਲੋਂ 11 ਮਾਰਚ 2025 ਨੂੰ ਕਮਿਸ਼ਨ ਵਿਖੇ ਪੇਸ਼ ਹੋਣ ਦੇ ਵਾਰੰਟ ਜਾਰੀ ਕੀਤੇ ਹਨ।
ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕੁਲਜੀਤ ਸਿੰਘ ਮਾਂਗਟ ਇਸ ਮਾਮਲੇ ‘ਚ ਹੁਣ ਤੱਕ ਹੋਈਆਂ 4 ਸੁਣਵਾਈਆਂ ਮੌਕੇ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਗੈਰ-ਹਾਜ਼ਰ ਰਿਹਾ, ਜਿਸ ਸਬੰਧੀ ਕਮਿਸ਼ਨ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮਾਮਲੇ ‘ਚ ਕਮਿਸ਼ਨ ਵੱਲੋਂ ਆਰ.ਟੀ.ਐਕਟ 2005 ਦੀ ਧਾਰਾ 18 (3) (ਏ) ਤਹਿਤ ਪੁਲਿਸ ਕਮਿਸ਼ਨਰ, ਲੁਧਿਆਣਾ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਕੁਲਜੀਤ ਸਿੰਘ ਮਾਂਗਟ ਪੀ.ਆਈ.ਓ. ਕਮ ਅਸਿਸਟੈਂਟ ਟਾਊਨ ਪਲਾਨਰ ਨੂੰ ਇਨ੍ਹਾਂ ਵਾਰੰਟ ਦੀ ਕਾਪੀ ਤਾਮੀਲ ਕਰਵਾਉਣ ਅਤੇ ਕੇਸ ਦੀ ਅਗਲੀ ਤਾਰੀਖ਼ 11 ਮਾਰਚ, 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਹਦਾਇਤ ਜਾਰੀ ਕੀਤੀ ਜਾਵੇ।
Read More: SGPC ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਨੂੰ ਕੀਤਾ ਮੁਅੱਤਲ




