ਚੰਡੀਗੜ੍ਹ, 28 ਮਾਰਚ 2026: ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਨੇ ਅੰਮ੍ਰਿਤਸਰ ‘ਚ ਇੱਕ ਵਿਸ਼ਵ ਪੱਧਰੀ ਪ੍ਰਾਹੁਣਚਾਰੀ ਪ੍ਰੋਜੈਕਟ ਦੇ ਵਿਕਾਸ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਹਨ | ਸੰਜੀਵ ਅਰੋੜਾ ਮੁਤਾਬਕ ਇਹ ਪ੍ਰੋਜੈਕਟ ਪੰਜਾਬ ਦੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ ਨੂੰ ਵੱਡਾ ਹੁਲਾਰਾ ਦੇਵੇਗਾ।
ਇਸ ਸਮਝੌਤੇ ‘ਤੇ ਦੋਵਾਂ ਧਿਰਾਂ ਦੇ ਸੀਨੀਅਰ ਪ੍ਰਤੀਨਿਧੀਆਂ ਦੀ ਮੌਜੂਦਗੀ ‘ਚ ਦਸਤਖ਼ਤ ਕੀਤੇ ਗਏ, ਜਿਨ੍ਹਾਂ ‘ਚ ਕਾਰਪੋਰੇਟ ਅਤੇ ਕਾਨੂੰਨੀ ਮਾਮਲੇ, ਓਬਰਾਏ ਗਰੁੱਪ ਦੇ ਪ੍ਰਧਾਨ ਆਰ. ਸ਼ੰਕਰ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਡਾ. ਸ਼ਾਹਬਾਜ਼ ਸਿੰਘ, ਡਾ. ਅਵਤਾਰ ਸਿੰਘ ਅਤੇ ਡਾ. ਅਮਨਦੀਪ ਕੌਰ ਸ਼ਾਮਲ ਸਨ। ਇਸ ਸਮਝੌਤੇ ‘ਤੇ ਹਸਤਾਖਰ ਸਬੰਧੀ ਰੱਖੇ ਇਸ ਸਮਾਗਮ ‘ਚ ਪ੍ਰਸ਼ਾਸਕੀ ਸਕੱਤਰ, ਉਦਯੋਗ ਅਤੇ ਵਣਜ, ਪੰਜਾਬ ਗੁਰਕਿਰਤ ਕਿਰਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ।
ਉਨ੍ਹਾਂ ਦੱਸਿਆ ਕਿ ਆਉਣ ਵਾਲਾ 150 ਕਮਰਿਆਂ ਵਾਲਾ ਪ੍ਰੋਜੈਕਟ ਓਬਰਾਏ ਗਰੁੱਪ ਦੇ ਟ੍ਰਾਈਡੈਂਟ ਬ੍ਰਾਂਡ ਤਹਿਤ ਵਿਕਸਤ ਕੀਤਾ ਜਾਵੇਗਾ ਅਤੇ ਇਹ ਅੰਮ੍ਰਿਤਸਰ-ਤਰਨ ਤਾਰਨ ਰੋਡ ਉੱਪਰ ਸ੍ਰੀ ਹਰਿਮੰਦਰ ਸਾਹਿਬ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ‘ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ 3 ਏਕੜ ‘ਚ ਫੈਲੇ ਪ੍ਰੋਜੈਕਟ ‘ਚ ਕਰੀਬ 400 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ ਅਤੇ ਇਸ ਨਾਲ ਅੰਮ੍ਰਿਤਸਰ ਦੇ ਪ੍ਰੀਮੀਅਮ ਪ੍ਰਾਹੁਣਚਾਰੀ ਬੁਨਿਆਦੀ ਢਾਂਚੇ ਨੂੰ ਵੱਡੀ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਕਰੀਬ 350 ਵਿਅਕਤੀਆਂ ਲਈ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਸਥਾਨਕ ਆਰਥਿਕ ਗਤੀਵਿਧੀਆਂ ਅਤੇ ਰੋਜ਼ਗਾਰ ਉੱਪਤਰੀ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਹੁਣਚਾਰੀ ਪ੍ਰੋਜੈਕਟ ਓਬਰਾਏ ਗਰੁੱਪ ਅਤੇ ਸਪ੍ਰਿੰਗਐਜ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦਰਮਿਆਨ ਸਾਂਝੇ ਸਹਿਯੋਗ ਤਹਿਤ ਵਿਕਸਤ ਕੀਤਾ ਜਾਵੇਗਾ, ਜੋ ਓਬਰਾਏ ਗਰੁੱਪ ਦੀ ਲਗਜ਼ਰੀ ਪ੍ਰਾਹੁਣਚਾਰੀ ‘ਚ ਵਿਸ਼ਵ ਪੱਧਰ ਤੱਕ ਮੰਨੀ-ਪ੍ਰਮੰਨੀ ਮੁਹਾਰਤ ਅਤੇ ਸਪ੍ਰਿੰਗਐਜ ਦੀ ਮਜ਼ਬੂਤ ਸਥਾਨਕ ਮੌਜੂਦਗੀ ਨੂੰ ਇਕੱਠਾ ਕਰੇਗਾ।
ਜ਼ਿਕਰਯੋਗ ਹੈ ਕਿ ਇਹ “ਟ੍ਰਾਈਡੈਂਟ” ਬ੍ਰਾਂਡ ਤਹਿਤ ਪੰਜਾਬ ‘ਚ ਪਹਿਲਾ ਹੋਟਲ ਹੋਵੇਗਾ। ਇਸ ਸਮੇਂ ਭਾਰਤ ਭਰ ‘ਚ ਟ੍ਰਾਈਡੈਂਟ ਬ੍ਰਾਂਡ ਤਹਿਤ 9 ਹੋਟਲ ਚੱਲ ਰਹੇ ਹਨ। ਇਸ ਸਮੇਂ ਓਬਰਾਏ ਗਰੁੱਪ ਦੇ ਦੇਸ਼ ਭਰ ‘ਚ 32 ਹੋਟਲ ਚੱਲ ਰਹੇ ਹਨ ਅਤੇ 10 ਹੋਰ ਪ੍ਰਗਤੀ ਅਧੀਨ ਹਨ। ਪੰਜਾਬ ‘ਚ ਇਹ ਗਰੁੱਪ ਪਹਿਲਾਂ ਹੀ ਓਬਰਾਏ ਬ੍ਰਾਂਡ ਤਹਿਤ ਨਿਊ ਚੰਡੀਗੜ੍ਹ ਵਿਖੇ ਓਬਰਾਏ ਸੁਖਵਿਲਾਸ ਸਪਾ ਰਿਜ਼ੋਰਟ ਚਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪ੍ਰੋਜੈਕਟ ਵੀ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਇਸਨੂੰ ਪੰਜਾਬ ‘ਚ ਟ੍ਰਾਈਡੈਂਟ ਬ੍ਰਾਂਡ ਤਹਿਤ ਇਸ ਪੱਧਰ ਦਾ ਪਹਿਲਾ ਗ੍ਰੀਨਫੀਲਡ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ‘ਤੇ ਕੰਮ ਜੁਲਾਈ 2026 ‘ਚ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਨੂੰ ਮਾਰਚ 2029 ਤੱਕ ਪੂਰਾ ਕਰਨ ਦਾ ਟੀਚਾ ਹੈ।
ਇਨਵੈਸਟ ਪੰਜਾਬ ਡੇਢ ਸਾਲ ਤੋਂ ਵੱਧ ਸਮੇਂ ਤੋਂ ਦੋਵਾਂ ਧਿਰਾਂ ਨਾਲ ਨੇੜਿਓਂ ਜੁੜੇ ਕੇ ਉਨ੍ਹਾਂ ਨੂੰ ਇਕੱਠੇ ਲਿਆਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ, ਜੋ ਕਿ ਉੱਚ-ਮੁੱਲ ਵਾਲੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਸਬੰਧੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਨੇ ਸਾਲ 2025-26 ‘ਚ 59,448 ਕਰੋੜ ਦੇ ਨਿਵੇਸ਼ ਆਕਰਸ਼ਿਤ ਕੀਤੇ ਹਨ, ਜੋ ਕਿ ਪੰਜਾਬ ਦੇ ਇਤਿਹਾਸ ‘ਚ ਸਭ ਤੋਂ ਵੱਧ ਹੈ, ਜਿਸ ਨਾਲ 1,33,221 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਨੇ 1 ਅਪ੍ਰੈਲ, 2022 ਤੋਂ 5,57,664 ਨੌਕਰੀਆਂ ਦੀ ਸੰਭਾਵਨਾ ਵਾਲੇ 1,59,947 ਕਰੋੜ ਦੇ ਨਿਵੇਸ਼ ਆਕਰਸ਼ਿਤ ਕੀਤੇ ਹਨ, ਜੋ ਸੂਬੇ ‘ਚ ਨਿਵੇਸ਼ਕਾਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਵਿਸ਼ਵਵਿਆਪੀ ਸੱਭਿਆਚਾਰਕ ਅਤੇ ਅਧਿਆਤਮਿਕ ਕੇਂਦਰ ਵਜੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਸਥਿਤੀ ਨੂੰ ਵੀ ਹੋਰ ਮਜ਼ਬੂਤ ਕਰੇਗਾ।
Read More: SGPC ਵੱਲੋਂ ਸਾਲ 2026-27 ਲਈ 1487.41 ਕਰੋੜ ਰੁਪਏ ਦਾ ਬਜਟ ਪਾਸ




