ਚੰਡੀਗੜ੍ਹ, 27 ਸਤੰਬਰ 2025: ਪੰਜਾਬ ‘ਚ ਹੜ੍ਹਾਂ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹਾਂ ਦੇ ਸੰਕਟ ਵਾਲੇ ਸਮੇਂ ਇਕਜੁਟਤਾ ਪ੍ਰਗਟਾਉਣ ਦੀ ਬਜਾਏ ਸੂਬੇ ਦੇ ਤਜਰਬੇਕਾਰ ਸਿਆਸਤਦਾਨ ਸਰਕਾਰ ਵਿਰੁੱਧ ਜ਼ਹਿਰ ਉਗਲ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਿਆਸੀ ਹਿੱਤਾਂ ਦੀ ਪੂਰਤੀ ਲਈ ਇਸ ਮੁੱਦੇ ਦਾ ਸਿਆਸੀਕਰਨ ਕਰ ਰਹੇ ਹਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਵਿਸ਼ੇਸ਼ ਸੈਸ਼ਨ ਹੜ੍ਹਾਂ ਤੋਂ ਬਾਅਦ ਸੂਬੇ ਦੇ ਮੁੜ ਵਸੇਬੇ ‘ਤੇ ਚਰਚਾ ਕਰਨ ਲਈ ਬੁਲਾਇਆ ਸੀ ਪਰ ਇਨ੍ਹਾਂ ਆਗੂਆਂ ਦੀ ਮਾਨਸਿਕਤਾ ਕਾਰਨ ਇਹ ਆਲੋਚਨਾ ਤੱਕ ਸਿਮਟ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਨੂੰ ਕੋਈ ਸਮੱਸਿਆ ਜਾਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਪੰਜਾਬ ਨੇ ਢਾਲ ਬਣ ਕੇ ਦੇਸ਼ ਨੂੰ ਬਚਾਇਆ ਹੈ, ਭਾਵੇਂ ਉਹ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣਾ ਹੋਵੇ, ਆਪਣੀਆਂ ਸਰਹੱਦਾਂ ਦੀ ਰਾਖੀ ਕਰਨਾ ਹੋਵੇ ਜਾਂ ਕੌਮੀ ਆਜ਼ਾਦੀ ਸੰਘਰਸ਼ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ‘ਤੇ ਕੋਈ ਸੰਕਟ ਆਉਂਦਾ ਹੈ ਤਾਂ ਕੇਂਦਰ ਸਰਕਾਰ ਸਾਡੀਆਂ ਸਮੱਸਿਆਵਾਂ ਪ੍ਰਤੀ ਬੇਗਾਨਗੀ ਵਾਲਾ ਰਵੱਈਆ ਆਪਣਾਉਂਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਦੀਨਾਨਗਰ ਹਮਲੇ ਤੋਂ ਬਾਅਦ ਪੰਜਾਬ ਨੂੰ ਭਾਰਤੀ ਫੌਜ ਦੀ ਕੀਮਤ ਅਦਾ ਕਰਨ ਲਈ ਕਿਹਾ ਸੀ, ਜੋ ਸਰਹੱਦ ਪਾਰ ਤੋਂ ਹੋਏ ਅੱ.ਤ.ਵਾ.ਦੀ ਹਮਲੇ ਨੂੰ ਬੇਅਸਰ ਕਰਨ ਲਈ ਪੰਜਾਬ ਆਈ ਸੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਪੰਜਾਬ ਦੀ ਖਾਤਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਤੋਂ ਵੀ ਝਿਜਕਣਗੇ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਤੇ ਆਪਣੇ ਮਤਭੇਦ ਭੁਲਾ ਕੇ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਇਸ ਗੰਭੀਰ ਸੰਕਟ ਵਿੱਚੋਂ ਕੱਢਣਾ ਚਾਹੀਦਾ ਹੈ।
ਹੜ੍ਹਾਂ ਨਾਲ 7 ਲੱਖ ਲੋਕ ਬੇਘਰ
ਭਗਵੰਤ ਸਿੰਘ ਮਾਨ ਨੇ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਕਿਹਾ ਕਿ ਇਸ ਨਾਲ ਪੰਜਾਬ ਦੇ 2,300 ਤੋਂ ਵੱਧ ਪਿੰਡ ਡੁੱਬ ਗਏ ਹਨ, 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 5 ਲੱਖ ਏਕੜ ਜ਼ਮੀਨ ‘ਚ ਫਸਲਾਂ ਤਬਾਹ ਹੋ ਗਈਆਂ | ਇਸ ਤਬਾਹੀ ‘ਚ 56 ਜਾਨਾਂ ਚਲੀਆਂ ਗਈਆਂ ਅਤੇ ਲਗਭਗ 7 ਲੱਖ ਲੋਕ ਬੇਘਰ ਹੋ ਗਏ। ਇਸਦੇ ਨਾਲ ਹੀ 3,200 ਸਰਕਾਰੀ ਸਕੂਲ ਨੁਕਸਾਨੇ ਗਏ, 19 ਕਾਲਜ ਮਲਬੇ ‘ਚ ਬਦਲ ਗਏ, 1,400 ਕਲੀਨਿਕ ਅਤੇ ਹਸਪਤਾਲ ਖੰਡਰ ਬਣ ਗਏ, 8,500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਅਤੇ 2,500 ਪੁਲ ਢਹਿ ਗਏ। ਭਗਵੰਤ ਮਾਨ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਮੁਤਾਬਕ ਕੁੱਲ ਨੁਕਸਾਨ ਲਗਭਗ 13,800 ਕਰੋੜ ਰੁਪਏ ਹੈ, ਹਾਲਾਂਕਿ ਅਸਲ ਅੰਕੜਾ ਹੋਰ ਵੀ ਵੱਧ ਹੋ ਸਕਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ 2066 ਕਿਲੋਮੀਟਰ ਨਾਲਿਆਂ ਦੀ ਸਫਾਈ ਕੀਤੀ ਸੀ ਜਦੋਂ ਕਿ ਉਨ੍ਹਾਂ ਦੀ ਸਰਕਾਰ ਨੇ ਸਿਰਫ਼ ਤਿੰਨ ਸਾਲਾਂ ‘ਚ 3825 ਕਿਲੋਮੀਟਰ ਨਾਲਿਆਂ ਦੀ ਸਫਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਕੋਲ ਭਾਖੜਾ ਅਤੇ ਪੌਂਗ ਡੈਮ ‘ਚੋਂ ਗਾਰ ਕੱਢਣ ਦੀ ਮੰਗ ਕਰ ਰਹੇ ਹਨ ਪਰ ਬਦਕਿਸਮਤੀ ਨਾਲ ਪਿਛਲੇ 70 ਸਾਲਾਂ ਤੋਂ ਅਜਿਹਾ ਨਹੀਂ ਹੋਇਆ। ਇਸ ਸਾਲ ਘੱਗਰ ਦਰਿਆ ‘ਚੋਂ ਗਾਰ ਕੱਢਣ ਕਾਰਨ ਜ਼ਿਆਦਾ ਪਾਣੀ ਹੋਣ ਦੇ ਬਾਵਜੂਦ ਵੀ ਦਰਿਆ ‘ਚ ਹੜ੍ਹ ਦੀ ਕੋਈ ਰਿਪੋਰਟ ਨਹੀਂ ਆਈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਆਈ.ਐਮ.ਡੀ ਵੱਲੋਂ ਕੀਤੀਆਂ ਸਾਰੀਆਂ ਭਵਿੱਖਬਾਣੀਆਂ ਗਲਤ ਅਤੇ ਸੱਚਾਈ ਤੋਂ ਕਿਤੇ ਦੂਰ ਸਨ। ਉਨ੍ਹਾਂ ਕਿਹਾ ਕਿ ਇਹ ਆਫ਼ਤ ਬਹੁਤ ਵੱਡੀ ਸੀ ਕਿਉਂਕਿ ਪੌਂਗ ਡੈਮ ‘ਚ 1988 ਨਾਲੋਂ 60.4 ਫੀਸਦ ਵੱਧ ਪਾਣੀ ਆਇਆ, ਜਦੋਂ ਕਿ 1988 ‘ਚ ਆਏ ਹੜ੍ਹਾਂ ਦੌਰਾਨ ਭਾਖੜਾ ਡੈਮ ‘ਚ 2.65 ਫੀਸਦ ਵੱਧ ਪਾਣੀ ਆਇਆ ਸੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਰਣਜੀਤ ਸਾਗਰ ਡੈਮ ‘ਚ 2023 ‘ਚ ਆਏ ਪਾਣੀ ਨਾਲੋਂ 65.3 ਫੀਸਦ ਵੱਧ ਪਾਣੀ ਆਇਆ, ਜੋ ਕਿ ਕਲਪਨਾ ਤੋਂ ਪਰ੍ਹੇ ਹੈ।
ਰਾਜ ਆਫ਼ਤ ਰਾਹਤ ਫੰਡ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 25 ਸਾਲਾਂ ‘ਚੋਂ 12 ਸਾਲ ਅਕਾਲੀ-ਭਾਜਪਾ ਸੱਤਾ ‘ਚ ਸੀ ਅਤੇ 10 ਸਾਲ ਕਾਂਗਰਸ, ਸੂਬੇ ਨੂੰ 6190 ਕਰੋੜ ਰੁਪਏ ਫੰਡ ਵਜੋਂ ਪ੍ਰਾਪਤ ਹੋਏ ਸਨ।
12,000 ਕਰੋੜ ਰੁਪਏ ਹੋਣ ਦਾ ਤੱਥ ਆਗੂਆਂ ਦੀ ਕਲਪਨਾ: CM ਮਾਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਕੋਲ ਐਸ.ਡੀ.ਆਰ.ਐਫ. ‘ਚ 12,000 ਕਰੋੜ ਰੁਪਏ ਹੋਣ ਦਾ ਤੱਥ ਉਨ੍ਹਾਂ ਸਾਰੇ ਆਗੂਆਂ ਦੀ ਕਲਪਨਾ ਹੈ । ਉਨ੍ਹਾਂ ਕਿਹਾ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਇਸੇ ਆਧਾਰ ‘ਤੇ ਹੀ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਆਪਣੀ ਫੇਰੀ ਦੌਰਾਨ ਸੂਬੇ ਨੂੰ ਸਿਰਫ਼ 1600 ਕਰੋੜ ਰੁਪਏ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨਿਆ ਫੰਡ ਪੰਜਾਬ ਲਈ ਮਹਿਜ਼ ਇੱਕ ਖਾਨਾਪੂਰਤੀ ਤੋਂ ਸਿਵਾਏ ਹੋਰ ਕੁਝ ਨਹੀਂ ਹਨ | ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਪੈਕੇਜ ਨਾਲ ਹਰ ਹੜ੍ਹ ਪ੍ਰਭਾਵਿਤ ਪਿੰਡ ਨੂੰ ਸਿਰਫ਼ 80 ਲੱਖ ਰੁਪਏ ਆਉਣਗੇ ਜੋ ਕਿ ਬਹੁਤ ਘੱਟ ਰਾਸ਼ੀ ਹੈ।
ਉਨ੍ਹਾਂ ਨੌਜਵਾਨਾਂ, ਫੌਜ ਅਤੇ ਹੋਰ ਸਮਾਜ ਸੇਵਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹਾਂ ਦੌਰਾਨ ਕੇਂਦਰੀ ਮੰਤਰੀ ਵੀ ਫੋਟੋ ਸੈਸ਼ਨ ਲਈ ਹੀ ਪੰਜਾਬ ਆਏ ਸਨ, ਜਿਸਦੇ ਨਤੀਜਾ ਵਜੋਂ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦੀ ਨਿਗੁਣੀ ਰਾਹਤ ਦਾ ਐਲਾਨ ਕਰਕੇ ਸੂਬੇ ਦੇ ਲੋਕਾਂ ਨਾਲ ਮਜ਼ਾਕ ਕੀਤਾ।
ਮੁੱਖ ਮੰਤਰੀ ਨੇ ਕਿਹਾ ਪਹਿਲੀ ਹੜ੍ਹ ਕੰਟਰੋਲ ਬੈਠਕ 4 ਅਪ੍ਰੈਲ ਨੂੰ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਇਹ ਬੈਠਕਾਂ ਜੁਲਾਈ ਦੇ ਮਹੀਨਿਆਂ ‘ਚ ਜਾਂ ਉਸ ਤੋਂ ਵੀ ਬਾਅਦ ਵੀ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਬੈਠਕਾਂ 2017 ‘ਚ 12 ਜੂਨ ਨੂੰ, 2018 ‘ਚ 1 ਜੁਲਾਈ ਨੂੰ ਅਤੇ 2019 ‘ਚ 19 ਜੁਲਾਈ ਨੂੰ ਹੋਈਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਰਾਹਤ ਅਤੇ ਮੁੜ ਵਸੇਬੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਰੰਗਲਾ ਪੰਜਾਬ ਫੰਡ ਸ਼ੁਰੂ ਕੀਤਾ ਗਿਆ ਹੈ।
ਇਸ ਫੰਡ ‘ਚ ਪਾਏ ਗਏ ਇੱਕ-ਇੱਕ ਪੈਸੇ ਦੀ ਵਰਤੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਕੀਤੀ ਜਾਵੇਗੀ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਪ੍ਰਧਾਨ ਹੁਣ ਸ਼ੇਖੀ ਮਾਰ ਰਿਹਾ ਹੈ ਕਿ ਦਰਿਆਵਾਂ ਦੁਆਲੇ ਕੰਕਰੀਟ ਦੀਆਂ ਕੰਧਾਂ ਬਣਾਈਆਂ ਜਾਣਗੀਆਂ ਪਰ ਲੋਕ ਸੱਚਾਈ ਜਾਣਦੇ ਹਨ ਕਿ ਉਨ੍ਹਾਂ ਨੇ ਗਲੀਆਂ ਵੀ ਨਹੀਂ ਬਣਾਈਆਂ।
Read More: CM ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਦਿੱਤਾ ਜਵਾਬ, ਫੰਡ ‘ਤੇ ਆਖੀ ਇਹ ਗੱਲ