ਸਰਹੱਦੀ ਜ਼ਿਲ੍ਹਿਆਂ ‘ਚ ਜ਼ਮੀਨ ਨੂੰ ਸਾਫ਼ ਕਰਨ ਲਈ RKVY ਸਕੀਮ ਤਹਿਤ 151 ਕਰੋੜ ਰੁਪਏ ਜਾਰੀ ਕੀਤੇ ਜਾਣ: ਖੁੱਡੀਆਂ

ਚੰਡੀਗੜ੍ਹ, 7 ਸਤੰਬਰ, 2025: ਪੰਜਾਬ ਦੇ 2,185 ਪਿੰਡਾਂ (villages) ਵਿੱਚ ਲਗਭਗ 5 ਲੱਖ ਏਕੜ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਾਲੀਆ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਜ਼ਮੀਨ ਨੂੰ ਸਾਫ਼ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ) ਤਹਿਤ ਵਾਧੂ ਵਿੱਤੀ ਸਹਾਇਤਾ ਵਜੋਂ 151 ਕਰੋੜ ਰੁਪਏ ਤੁਰੰਤ ਜਾਰੀ ਕਰੇ।

ਨਵੀਂ ਦਿੱਲੀ ਦੇ ਪੂਸਾ ਭਵਨ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (shivraj singh chahuhan) ਦੀ ਪ੍ਰਧਾਨਗੀ ਹੇਠ ਹਾੜੀ ਸੀਜ਼ਨ ਫਸਲਾਂ – 2025 ‘ਤੇ ਰਾਸ਼ਟਰੀ ਖੇਤੀਬਾੜੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਹਾਲੀਆ ਹੜ੍ਹਾਂ ਨੇ ਵਾਹੀਯੋਗ ਜ਼ਮੀਨ ਅਤੇ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਪਠਾਨਕੋਟ, ਕਪੂਰਥਲਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੇ ਖੇਤ 5 ਫੁੱਟ ਡੂੰਘੇ ਮਿੱਟੀ/ਰੇਤ ਨਾਲ ਢੱਕੇ ਹੋਏ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸੰਕਟ ਦੇ ਸਮੇਂ ਪੰਜਾਬੀਆਂ ਨੇ ਹਮੇਸ਼ਾ ਖੁੱਲ੍ਹ ਕੇ ਮਦਦ ਕੀਤੀ ਹੈ, ਅਤੇ ਹੁਣ ਕੇਂਦਰ ਸਰਕਾਰ ਨੂੰ ਇਨ੍ਹਾਂ ਭਿਆਨਕ ਹਾਲਾਤਾਂ ਨੂੰ ਦੂਰ ਕਰਨ ਲਈ ਪੰਜਾਬ ਵੱਲ ਮਦਦ ਦਾ ਹੱਥ ਵਧਾਉਣਾ ਚਾਹੀਦਾ ਹੈ। ਸ੍ਰੀ ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਆਰਕੇਵੀਵਾਈ ਦੀ ਡੀਪੀਆਰ ਸ਼੍ਰੇਣੀ ਤਹਿਤ ਇਨ੍ਹਾਂ ਫੰਡਾਂ ਨੂੰ ਤੁਰੰਤ ਜਾਰੀ ਕਰਨਾ ਜ਼ਰੂਰੀ ਹੈ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਰਾਹਤ ਮਿਲੇਗੀ ਸਗੋਂ ਸੂਬੇ ਦੀ ਖੇਤੀਬਾੜੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲੇਗੀ।

ਪੰਜਾਬ ਦੇ ਕੈਬਨਿਟ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ 2 ਲੱਖ ਕੁਇੰਟਲ ਪ੍ਰਮਾਣਿਤ ਕਣਕ ਦਾ ਬੀਜ ਮੁਹੱਈਆ ਕਰਵਾਉਣ ਲਈ ਸੀਡ ਵਿਲੇਜ ਪ੍ਰੋਗਰਾਮ ਤਹਿਤ 80 ਕਰੋੜ ਰੁਪਏ ਜਾਰੀ ਕੀਤੇ ਜਾਣ। ਇਸ ਤੋਂ ਇਲਾਵਾ, ਕਿਸਾਨਾਂ ਦੀ ਮਦਦ ਲਈ ਰਾਸ਼ਟਰੀ ਖੁਰਾਕ ਮਿਸ਼ਨ ਤਹਿਤ ਕਣਕ ਦੇ ਬੀਜ ਲਈ 25 ਲੱਖ ਰੁਪਏ ਅਲਾਟ ਕੀਤੇ ਜਾਣ। ਉਨ੍ਹਾਂ ਸ੍ਰੀ ਚੌਹਾਨ ਨੂੰ 637 ਕੁਇੰਟਲ ਪ੍ਰਮਾਣਿਤ ਸਰ੍ਹੋਂ ਦੇ ਬੀਜ ਅਤੇ 375 ਕੁਇੰਟਲ ਕਾਲੇ ਛੋਲਿਆਂ ਦੇ ਬੀਜ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ।

Read More: ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਸ਼ੂਆਂ ਦੀ ਦੇਖਭਾਲ ਲਈ 481 ਵੈਟਰਨਰੀ ਟੀਮਾਂ ਤਾਇਨਾਤ: ਗੁਰਮੀਤ ਸਿੰਘ ਖੁੱਡੀਆਂ 

Scroll to Top