RP Singh

ਆਰ.ਪੀ.ਸਿੰਘ ਨੇ ਭਾਜਪਾ-ਅਕਾਲੀ ਗਠਜੋੜ ਦੀ ਚਰਚਾ ਨੂੰ ਦੱਸਿਆ ਅਫਵਾਹ, ਕਿਹਾ- ਇਕੱਲਿਆਂ ਹੀ ਲੜਾਂਗੇ ਚੋਣਾਂ

ਚੰਡੀਗੜ੍ਹ ,25 ਅਪ੍ਰੈਲ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ‘ਚ ਸਿਆਸੀ ਖਿੱਚੋਤਾਣ ਚੱਲ ਰਹੀ ਹੈ। ਇਸ ਦੌਰਾਨ ਕਈ ਪਿੰਡਾਂ ਅਤੇ ਕਸਬਿਆਂ ਵਿੱਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਭਾਜਪਾ ਅਤੇ ਅਕਾਲੀ ਦਲ ਇੱਕ ਵਾਰ ਫਿਰ ਗਠਜੋੜ ਕਰਨ ਦੀ ਤਿਆਰੀ ਕਰ ਰਹੇ ਹਨ। ਭਾਜਪਾ ਦੇ ਪੰਜਾਬ ਬੁਲਾਰੇ ਆਰ.ਪੀ ਸਿੰਘ (RP Singh) ਨੇ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਅਫਵਾਹਾਂ ਕਰਾਰ ਦਿੱਤਾ ਹੈ।

ਆਰ.ਪੀ.ਸਿੰਘ (RP Singh) ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਕਈ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਲੋਕਾਂ ਤੋਂ ਇਹ ਗੱਲ ਸੁਣੀ ਕਿ ਭਾਜਪਾ ਅਤੇ ਅਕਾਲੀ ਦਲ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਨਗੇ, ਪਰ 2024 ਵਿੱਚ ਹੀ ਨਹੀਂ, ਸਗੋਂ 2027 ਵਿੱਚ ਵੀ ਅਕਾਲੀ ਦਲ ਤੋਂ ਬਿਨਾਂ ਭਾਜਪਾ ਇੱਕਲੇ ਹੀ ਚੋਣਾਂ ਲੜੇਗੀ |

ਆਰ.ਪੀ ਸਿੰਘ ਨੇ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਦੇ ਆਧਾਰ ‘ਤੇ 2024 ਅਤੇ 2027 ਦੀਆਂ ਚੋਣਾਂ ਇਕੱਲਿਆਂ ਹੀ ਲੜੇਗੀ। ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਿੱਤ ਲਈ ਲਗਾਤਾਰ ਕੰਮ ਕਰ ਰਹੇ ਹਨ।

ਆਰ.ਪੀ.ਸਿੰਘ ਨੇ ਕਿਹਾ ਅੱਜ ਦੇਸ਼ ਦੀ ਅਰਥਵਿਵਸਥਾ ਦਿਨ-ਬ-ਦਿਨ ਬਿਹਤਰ ਹੋ ਰਹੀ ਹੈ। ਪੰਜਾਬ ਦੇ ਲੋਕ ਵੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਨਜ਼ਰ ਆ ਰਹੇ ਹਨ। ਜਲੰਧਰ ਜ਼ਿਮਨੀ ਚੋਣ ‘ਚ ਭਾਜਪਾ ਉਮੀਦਵਾਰ ਨੂੰ ਜਿਤਾ ਕੇ ਲੋਕ ਪੂਰੇ ਪੰਜਾਬ ‘ਚ ਭਾਜਪਾ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ​​ਕਰਨ ਦਾ ਸੁਨੇਹਾ ਦੇਣਗੇ |

ਅੱਜ ਪੰਜਾਬ ਨੂੰ ਸ਼ਾਂਤੀ ਅਤੇ ਭਾਈਚਾਰੇ ਦੀ ਲੋੜ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਸਰਕਾਰ ਨਹੀਂ ਚੱਲ ਰਹੀ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇੱਕ ਸਾਲ ਵਿੱਚ ਹੀ ਲੋਕ ਸਮਝ ਗਏ ਹਨ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਲਿਆ ਕੇ ਉਨ੍ਹਾਂ ਨੇ ਗਲਤੀ ਕੀਤੀ ਹੈ।

 

Scroll to Top