ਚੰਡੀਗੜ੍ਹ, 18 ਫ਼ਰਵਰੀ 2024: ਪੰਜਾਬ ਸਰਕਾਰ ਨੇ ਹਾੜ੍ਹੀ (Rabi Season) ਦੇ ਮੌਸਮ ਦੌਰਾਨ ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਰੋਤ ਵਿਭਾਗ ਨੇ ਬੁਲਾਰੇ ਨੇ ਦੱਸਿਆ ਕਿ 19 ਤੋਂ 26 ਫ਼ਰਵਰੀ 2024 ਤੱਕ ਸਰਹਿੰਦ ਕੈਨਾਲ ਸਿਸਟਮ ਦੀਆਂ ਨਹਿਰਾਂ ਜਿਵੇਂ ਪਟਿਆਲਾ ਫ਼ੀਡਰ, ਅਬੋਹਰ ਬ੍ਰਾਂਚ, ਬਿਸਤ ਦੁਆਬ ਕੈਨਾਲ, ਸਿੱਧਵਾਂ ਬ੍ਰਾਂਚ ਅਤੇ ਬਠਿੰਡਾ ਬ੍ਰਾਂਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ ’ਤੇ ਚੱਲਣਗੀਆਂ।
ਬੁਲਾਰੇ ਨੇ ਦੱਸਿਆ ਕਿ ਘੱਗਰ ਲਿੰਕ ਅਤੇ ਇਸ ਵਿੱਚੋਂ ਨਿਕਲਦੀ ਘੱਗਰ ਬ੍ਰਾਂਚ ਅਤੇ ਪੀ.ਐਨ.ਸੀ, ਜੋ ਗਰੁੱਪ ’ਬੀ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ ਜਦਕਿ ਭਾਖੜਾ ਮੇਨ ਲਾਈਨ ਵਿਚੋਂ ਨਿਕਲਦੀਆਂ ਨਹਿਰਾਂ, ਜੋ ਗਰੁੱਪ ’ਏ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ।
ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਸਰਹਿੰਦ ਫ਼ੀਡਰ ਵਿੱਚੋਂ ਨਿਕਲਦੀ ਅਬੋਹਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹੇ, ਜੋ ਗਰੁੱਪ ’ਬੀ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ ਜਦਕਿ ਸਰਹਿੰਦ ਫ਼ੀਡਰ ਵਿੱਚੋਂ ਨਿਕਲਦੇ ਸਾਰੇ ਰਜਬਾਹੇ, ਜਿਹੜੇ ਗਰੁੱਪ ’ਏ’ ਵਿੱਚ ਹਨ, ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਕਸੂਰ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ। ਸਭਰਾਉਂ ਬ੍ਰਾਂਚ, ਲਾਹੌਰ ਬ੍ਰਾਂਚ ਅਤੇ ਮੇਨ ਬ੍ਰਾਂਚ ਲੋਅਰ ਅਤੇ ਇਨ੍ਹਾਂ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।