July 4, 2024 7:08 pm
Rohit Sharma

ਰੋਹਿਤ ਸ਼ਰਮਾ ਕੇਪਟਾਊਨ ਦੀ ਪਿੱਚ ਤੋਂ ਨਾਖੁਸ਼, ਆਖਿਆ- ਪਿੱਚ ਰੇਟਿੰਗ ਲਈ ਦੋਹਰੇ ਮਾਪਦੰਡ ਨਾ ਅਪਣਾਏ ICC

ਚੰਡੀਗੜ੍ਹ, 5 ਜਨਵਰੀ 2024: ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਕੇਪਟਾਊਨ ਦੀ ਪਿੱਚ ਤੋਂ ਨਾਖੁਸ਼ ਨਜ਼ਰ ਆਏ। ਦੂਜੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ‘ਤੇ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਰੋਹਿਤ ਨੇ ਕਿਹਾ, ‘ਕੇਪਟਾਊਨ ਦੀ ਪਿੱਚ ਟੈਸਟ ਮੈਚ ਲਈ ਚੰਗੀ ਨਹੀਂ ਸੀ। ਜਦੋਂ ਤੱਕ ਕੋਈ ਭਾਰਤੀ ਪਿੱਚਾਂ ਬਾਰੇ ਸ਼ਿਕਾਇਤ ਨਹੀਂ ਕਰਦਾ, ਮੈਨੂੰ ਅਜਿਹੀਆਂ ਪਿੱਚਾਂ ‘ਤੇ ਖੇਡਣ ‘ਤੇ ਕੋਈ ਇਤਰਾਜ਼ ਨਹੀਂ ਹੈ। ਭਾਰਤ ਵਿੱਚ ਟਰਨਿੰਗ ਟ੍ਰੈਕ ਦੀ ਆਲੋਚਨਾ ਹੁੰਦੀ ਹੈ।

ਰੋਹਿਤ (Rohit Sharma) ਨੇ ਕਿਹਾ, ‘ਵਿਸ਼ਵ ਫਾਈਨਲ ਦੀ ਪਿੱਚ ‘ਤੇ ਵੀ ਸਵਾਲ ਉਠਾਏ ਗਏ ਸਨ, ਹਾਲਾਂਕਿ ਉਸ ਮੈਚ ‘ਚ ਇਕ ਬੱਲੇਬਾਜ਼ ਨੇ ਸੈਂਕੜਾ ਵੀ ਲਗਾਇਆ ਸੀ। ਆਈਸੀਸੀ ਅਤੇ ਮੈਚ ਰੈਫਰੀ ਦੀ ਰੇਟਿੰਗ ਲਈ ਇੱਕ ਮਾਪਦੰਡ ਹੋਣਾ ਚਾਹੀਦਾ ਹੈ। ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਕੇਪਟਾਊਨ ਟੈਸਟ ‘ਚ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 1-1 ਨਾਲ ਆਪਣੇ ਨਾਂ ਕਰ ਲਈ ਹੈ। ਇਹ ਮੈਚ ਦੋ ਦਿਨਾਂ ਵਿੱਚ ਹੀ ਖ਼ਤਮ ਹੋ ਗਿਆ। ਇਸ ਦੌਰਾਨ 33 ਵਿਕਟਾਂ ਡਿੱਗੀਆਂ।

ਰੋਹਿਤ ਸ਼ਰਮਾਂ ਨੇ ਪਿੱਚਾਂ ਦੀ ਰੇਟਿੰਗ ਦੇ ਮਾਮਲੇ ‘ਚ ਆਈਸੀਸੀ ਅਤੇ ਮੈਚ ਰੈਫਰੀ ‘ਤੇ ਦੋਹਰੇ ਮਾਪਦੰਡਾਂ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਭਾਰਤ ਦੀਆਂ ਸਪਿਨ ਪਿੱਚਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਲੰਮੇ ਹੱਥੀਂ ਲਿਆ। ਭਾਰਤੀ ਕਪਤਾਨ ਨੇ ਕਿਹਾ, ‘ਵਿਸ਼ਵ ਕੱਪ ਫਾਈਨਲ ਦੀ ਪਿੱਚ ਨੂੰ ਔਸਤ ਰੇਟਿੰਗ ਦਿੱਤੀ ਗਈ ਸੀ। ਉਸ ਮੈਚ ਵਿੱਚ ਇੱਕ ਖਿਡਾਰੀ ਨੇ ਸੈਂਕੜਾ ਲਗਾਇਆ ਸੀ। ਮੈਂ ਹੈਰਾਨ ਹਾਂ ਕਿ ਅਹਿਮਦਾਬਾਦ ਦੀ ਪਿੱਚ ਨੂੰ ਕਿਸ ਪੈਮਾਨੇ ‘ਤੇ ਦਰਜਾ ਦਿੱਤਾ ਗਿਆ ਸੀ।

ਉਨ੍ਹਾਂ ਨੇ ਅੱਗੇ ਕਿਹਾ, ‘ਮੈਂ ਮੈਚ ਰੈਫਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਿੱਚ ਦੇਖਣ ਤੋਂ ਬਾਅਦ ਰੇਟਿੰਗ ਦੇਣ। ਪਿੱਚ ਰੇਟਿੰਗ ਕਿਸੇ ਵੀ ਦੇਸ਼ ਨੂੰ ਦੇਖ ਕੇ ਨਹੀਂ ਕੀਤੀ ਜਾਣੀ ਚਾਹੀਦੀ। ਰੇਟਿੰਗ ਲਈ ਇੱਕ ਪੈਮਾਨਾ ਹੋਣਾ ਚਾਹੀਦਾ ਹੈ ਅਤੇ ਮੈਚ ਰੈਫਰੀ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਅਤੇ ਉਸ ਪੈਮਾਨੇ ‘ਤੇ ਪਿੱਚ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਭਾਰਤ ਵਿੱਚ ਤੁਸੀਂ ਪਹਿਲੇ ਦਿਨ ਹੀ ਧੂੜ ਦੀ ਗੱਲ ਕਰਦੇ ਹੋ, ਇੱਥੇ ਵੀ ਤਰੇੜਾਂ ਆ ਗਈਆਂ ਸਨ।