ਚੰਡੀਗੜ੍ਹ, 23 ਜਨਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸਾਲ 2023 ਦੀ ਸਰਵੋਤਮ ਵਨਡੇ ਟੀਮ ਦਾ ਐਲਾਨ ਕੀਤਾ ਹੈ। ਆਈਸੀਸੀ ਨੇ ਇਸ ਟੀਮ ਦੀ ਕਮਾਨ ਰੋਹਿਤ ਸ਼ਰਮਾ (Rohit Sharma) ਨੂੰ ਸੌਂਪ ਦਿੱਤੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕਪਤਾਨ ਪੈਟ ਕਮਿੰਸ ਨੂੰ ਵੀ ਪਲੇਇੰਗ-11 ‘ਚ ਜਗ੍ਹਾ ਨਹੀਂ ਮਿਲੀ ਹੈ।
ਇਸ ਟੀਮ ਵਿੱਚ ਭਾਰਤ ਦੇ ਛੇ ਖਿਡਾਰੀ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਕੋਲ ਦੋ-ਦੋ ਖਿਡਾਰੀ ਹਨ ਜਦਕਿ ਨਿਊਜ਼ੀਲੈਂਡ ਕੋਲ ਇੱਕ ਖਿਡਾਰੀ ਹੈ। 2023 ਵਨਡੇ ਵਿਸ਼ਵ ਕੱਪ ਫਾਈਨਲ ਖੇਡਣ ਵਾਲੇ ਅੱਠ ਖਿਡਾਰੀ ਇਸ ਟੀਮ ਵਿੱਚ ਹਨ। ਖ਼ਿਤਾਬੀ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਪਲੇਇੰਗ-11 ‘ਚ ਪਾਕਿਸਤਾਨ, ਇੰਗਲੈਂਡ ਅਤੇ ਸ਼੍ਰੀਲੰਕਾ ਵਰਗੀਆਂ ਵੱਡੀਆਂ ਟੀਮਾਂ ਦਾ ਕੋਈ ਖਿਡਾਰੀ ਨਹੀਂ ਹੈ।
ਕਪਤਾਨ ਰੋਹਿਤ ਤੋਂ ਇਲਾਵਾ ਸ਼ੁਭਮਨ ਗਿੱਲ ਨੂੰ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਇਸ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਮਿਡਲ ਆਰਡਰ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਤਿੰਨ ਗੇਂਦਬਾਜ਼ ਪਲੇਇੰਗ-11 ‘ਚ ਹਨ। ਇਨ੍ਹਾਂ ‘ਚ ਦੋ ਤੇਜ਼ ਗੇਂਦਬਾਜ਼ ਅਤੇ ਇਕ ਸਪਿਨਰ ਸ਼ਾਮਲ ਹੈ। ਇਸ ਟੀਮ ਵਿੱਚ ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਹਨ, ਜਦਕਿ ਕੁਲਦੀਪ ਯਾਦਵ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਅਤੇ ਐਡਮ ਜ਼ੈਂਪਾ ਵੀ ਪਲੇਇੰਗ-11 ‘ਚ ਹਨ। ਦੱਖਣੀ ਅਫਰੀਕਾ ਦੇ ਹੇਨਰਿਕ ਕਲਾਸੇਨ ਟੀਮ ਵਿੱਚ ਵਿਕਟਕੀਪਰ ਹੋਣਗੇ ਅਤੇ ਇਸ ਤੋਂ ਇਲਾਵਾ ਮਾਰਕੋ ਜੈਨਸਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਦਾ ਡੇਰਿਲ ਮਿਸ਼ੇਲ ਵੀ ਪਲੇਇੰਗ-11 ‘ਚ ਸ਼ਾਮਲ ਹੈ।
ICC ਦੀ ਸਰਵੋਤਮ ODI ਟੀਮ 2023
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਟ੍ਰੈਵਿਸ ਹੈੱਡ, ਵਿਰਾਟ ਕੋਹਲੀ, ਡੇਰਿਲ ਮਿਸ਼ੇਲ, ਹੇਨਰਿਕ ਕਲਾਸੇਨ, ਮਾਰਕੋ ਜੈਨਸਨ, ਐਡਮ ਜ਼ੈਂਪਾ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ ਸ਼ਾਮਲ ਹਨ |
ਰੋਹਿਤ ਸ਼ਰਮਾ (Rohit Sharma) ਪਿਛਲੇ ਸਾਲ ਸ਼ਾਨਦਾਰ ਫਾਰਮ ‘ਚ ਸਨ। ਰੋਹਿਤ ਨੇ 52 ਦੀ ਔਸਤ ਨਾਲ 1255 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਸ਼ੁਭਮਨ ਲਈ ਭਾਵੇਂ ਵਿਸ਼ਵ ਕੱਪ ਕੁਝ ਖਾਸ ਨਹੀਂ ਰਿਹਾ ਪਰ ਪਿਛਲੇ ਸਾਲ ਉਸ ਨੇ ਇਸ ਫਾਰਮੈਟ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ। ਨਿਊਜ਼ੀਲੈਂਡ ਦੇ ਖ਼ਿਲਾਫ਼ ਉਸ ਨੇ 149 ਗੇਂਦਾਂ ‘ਤੇ 208 ਦੌੜਾਂ ਦੀ ਪਾਰੀ ਖੇਡੀ ਸੀ। ਸ਼ੁਭਮਨ ਸਾਲ 2023 ਵਿੱਚ ਵਨਡੇ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਉਸ ਨੇ 1584 ਦੌੜਾਂ ਬਣਾਈਆਂ ਸਨ। ਟ੍ਰੈਵਿਸ ਹੈੱਡ ਨੂੰ ਵੱਡੇ ਮੈਚ ਦਾ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਉਸ ਨੇ ਵਿਸ਼ਵ ਕੱਪ ਵਿੱਚ ਵੀ ਅਜਿਹਾ ਹੀ ਕੀਤਾ ਸੀ। ਸੈਮੀਫਾਈਨਲ ਅਤੇ ਫਾਈਨਲ ਵਿੱਚ ਪਲੇਅਰ ਆਫ ਦਾ ਮੈਚ ਰਿਹਾ।