ਗੁਰਦਾਸਪੁਰ 20 ਮਾਰਚ 2024: ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ (Fatehgarh Churian) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬੀਤੀ ਰਾਤ ਇਕ ਨਕਾਬਪੋਸ਼ ਵਿਅਕਤੀ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਦਾ ਜਿੰਦਰਾ ਤੋੜ ਕੇ ਅੰਦਰ ਦਾਖਲ ਹੋ ਗਿਆ | ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਗੋਲਕ ਤੋੜ ਕੇ ਉਸ ਵਿਚੋਂ ਇੱਕ ਲੱਖ ਰੁਪਏ ਦੇ ਕਰੀਬ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ | ਇਹ ਚੋਰੀ ਦੀ ਪੂਰੀ ਵਾਰਦਾਤ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਰਿਕਾਰਡ ਹੋ ਗਈ
ਗੁਰਦੁਆਰਾ ਕਮੇਟੀ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਜਿੰਦਰ ਸਿੰਘ ਅਤੇ ਹਰਦੇਵ ਸਿੰਘ ਘਣੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ ਦੀ ਤਰ੍ਹਾਂ ਜਦੋਂ ਉਹ ਸਵੇਰੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਓਹਨਾ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਦਰਵਾਜੇ ਦਾ ਜਿੰਦਰਾ ਟੂਟਾ ਹੋਇਆ ਸੀ ਅਤੇ ਅੰਦਰ ਲੁਟੇਰੇ ਗੋਲਕ ਤੋੜ ਕੇ ਉਸ ਵਿਚੋਂ ਕਰੀਬ ਇੱਕ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਸਨ, ਜਿਸ ਦੀ ਇਤਲਾਹ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਥਾਣਾ ਫਤਿਹਗੜ ਚੂੜੀਆਂ (Fatehgarh Churian) ਦੀ ਪੁਲਿਸ ਨੂੰ ਦਿੱਤੀ ਗਈ | ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ।