ਚੰਡੀਗੜ੍ਹ, 15 ਮਾਰਚ 2025: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ‘ਚ ਸੜਕਾਂ (Punjab Road) ਦਾ ਵਿਦੇਸ਼ਾਂ ਦੀ ਤਰਜ ‘ਤੇ ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਦੀਆਂ ਅੰਦਰੂਨੀ ਸੜਕਾਂ ਨੂੰ ਮੁੜ ਡਿਜ਼ਾਈਨ ਕੀਤਾ ਜਾਵੇਗਾ। ਸੜਕ ਕਿਨਾਰੇ ਬੈਠਣ ਲਈ ਬੈਂਚ, ਸਟਰੀਟ ਲਾਈਟਾਂ, ਬੱਸ ਅੱਡੇ, ਸੈਂਟਰ, ਚਾਰਜਿੰਗ ਸਿਸਟਮ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ |
ਇਸ ਤੋਂ ਇਲਾਵਾ, ਹਰੇਕ ਸ਼੍ਰੇਣੀ ਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖਰੀਆਂ ਲੇਨਾਂ ਨਿਰਧਾਰਤ ਕੀਤੀਆਂ ਜਾਣਗੀਆਂ। ਹਰ ਗਲੀ ‘ਚ ਸਾਈਨ ਬੋਰਡ ਅਤੇ ਦਿਸ਼ਾ ਨਿਰਦੇਸ਼ ਬੋਰਡ ਲਗਾਏ ਜਾਣਗੇ। ਇਹ ਪੂਰਾ ਢਾਂਚਾ ਗੂਗਲ ਮੈਪ ‘ਤੇ ਅੱਪਡੇਟ ਕੀਤਾ ਜਾਵੇਗਾ।
ਇਹ ਪ੍ਰੋਜੈਕਟ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਜਾਵੇਗਾ। ਸੜਕਾਂ (Punjab Road) ਬਣਾਉਣ ਵਾਲੀਆਂ ਕੰਪਨੀਆਂ ਅਗਲੇ 10 ਸਾਲਾਂ ਲਈ ਇਨ੍ਹਾਂ ਦੀ ਦੇਖਭਾਲ ਕਰਨਗੀਆਂ। ਇਸ ਪ੍ਰੋਜੈਕਟ ਬਾਰੇ ਜਨਤਾ ਤੋਂ ਫੀਡਬੈਕ ਲਈ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਇਸ ‘ਚ ਸੁਧਾਰ ਕੀਤਾ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪ੍ਰੋਜੈਕਟ ਬਹੁਤ ਮਹੱਤਵਪੂਰਨ ਹੈ। ਇਸ ਨਾਲ ਸੜਕ ਹਾਦਸੇ ਘੱਟ ਹੋਣਗੇ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਸੜਕ ਲਾਈਨਿੰਗ ਪ੍ਰਣਾਲੀ ਨੂੰ ਅਪਣਾਇਆ ਜਾਵੇਗਾ, ਉਸ ‘ਚ ਹਰ ਤਿੰਨ ਮਹੀਨਿਆਂ ਬਾਅਦ ਰੀ-ਲਾਈਨਿੰਗ ਕੀਤੀ ਜਾਵੇਗੀ। ਇਸ ਅਧੀਨ ਬਣੀਆਂ ਸੜਕਾਂ ਦੀ ਉਮਰ ਦਸ ਸਾਲ ਹੋਵੇਗੀ।
ਇਸ ਤੋਂ ਇਲਾਵਾ ਸੜਕ ਕਿਨਾਰੇ ਨਾਲੀਆਂ ਅਤੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ, ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਸੜਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਲੈਂਡਸਕੇਪਿੰਗ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਅੰਤਰਰਾਸ਼ਟਰੀ ਪੱਧਰ ਦੇ ਯੋਜਨਾਕਾਰ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਸਬੰਧ ਵਿੱਚ ਅੱਜ ਹੀ ਟੈਂਡਰ ਜਾਰੀ ਕੀਤਾ ਜਾ ਰਿਹਾ ਹੈ ਅਤੇ ਪੂਰੇ ਪ੍ਰੋਜੈਕਟ ਨੂੰ ਅੱਠ ਮਹੀਨਿਆਂ ‘ਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
Read More: ਹਰਿਆਣਾ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਵਿਧਾਨ ਸਭ ‘ਚ ਚੁੱਕਿਆ ਸੜਕਾਂ ਦਾ ਮੁੱਦਾ