Nitin Gadkari

Road Accident: ਭਾਰਤ ‘ਚ 1 ਸਾਲ ਦੌਰਾਨ ਸੜਕ ਹਾਦਸਿਆਂ ‘ਚ 1.68 ਲੱਖ ਮੌ.ਤਾਂ, ਮ੍ਰਿਤਕਾਂ ‘ਚ 60 ਫੀਸਦੀ ਨੌਜਵਾਨ

ਚੰਡੀਗੜ੍ਹ, 05 ਦਸੰਬਰ 2024: Road Accident News: ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਲੋਕ ਸਭਾ ‘ਚ ਸੰਸਦ ਮੈਂਬਰਾਂ ਦੇ ਸਵਾਲਾਂ ਅਤੇ ਉਨ੍ਹਾਂ ਦੇ ਮੰਤਰਾਲੇ ਨਾਲ ਜੁੜੇ ਕੰਮਾਂ ਦੇ ਜਵਾਬ ਦਿੱਤੇ ਹਨ। ਇਸ ਦੌਰਾਨ ਨਿਤਿਨ ਗਡਕਰੀ ਨੇ ਸੜਕ ਹਾਦਸਿਆਂ ‘ਚ ਹੋਈਆਂ ਮੌਤਾਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ | ਇਸਦੇ ਨਾਲ ਹੀ ਸੜਕੀ ਪ੍ਰਾਜੈਕਟਾਂ ‘ਚ ਠੇਕੇਦਾਰਾਂ ਦੀ ਅਣਗਹਿਲੀ ਅਤੇ ਟੋਲ ਕੇਂਦਰਾਂ ਦੀ ਗਿਣਤੀ ਬਾਰੇ ਵੀ ਜਵਾਬ ਦਿੱਤਾ ਹੈ ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਨਿਆ ਕਿ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਦੇ ਨਿਰਮਾਣ ‘ਚ ਕੁਝ ਖਾਮੀਆਂ ਸਨ, ਇਸ ਦੌਰਾਨ ਨਾਗੌਰ ਦੇ ਵਿਧਾਇਕ ਹਨੂੰਮਾਨ ਬੇਨੀਵਾਲ ਦੇ ਸਵਾਲ ਦੇ ਜਵਾਬ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਮਾਮਲੇ ‘ਤੇ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਸੋਹਣਾ, ਦੌਸਾ, ਲਾਲਸੋਟ ਸੈਕਸ਼ਨ ਦੇ ਐਕਸਪ੍ਰੈਸ ਵੇਅ ਠੇਕੇਦਾਰ ਨੂੰ ਬਲੈਕਲਿਸਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਨਿਤਿਨ ਗਡਕਰੀ (Nitin Gadkari) ਨੇ ਲੋਕ ਸਭਾ ‘ਚ ਸੜਕ ਹਾਦਸਿਆਂ ਦੇ ਅੰਕੜਿਆਂ ‘ਤੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੱਕ ਸਾਲ ਦੇ ਅੰਦਰ ਦੇਸ਼ ‘ਚ ਸੜਕ ਹਾਦਸਿਆਂ ਕਾਰਨ 1.68 ਲੱਖ ਜਣਿਆਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਹਾਦਸਿਆਂ ‘ਚ ਮਰਨ ਵਾਲਿਆਂ ‘ਚ 60 ਫੀਸਦੀ ਨੌਜਵਾਨ ਸਨ। ਉਨ੍ਹਾਂ ਸਦਨ ‘ਚ ਕਿਹਾ ਕਿ ਇਹ ਸਥਿਤੀ ਦੁਖਦਾਈ ਹੈ ਅਤੇ ਇਸ ਨੂੰ ਰੋਕਣ ਲਈ ਸਮਾਜ ਨੂੰ ਸਹਿਯੋਗ ਕਰਨਾ ਹੋਵੇਗਾ।

ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ”ਇਹ ਕਹਿਣਾ ਦੁਖਦਾਈ ਹੈ ਕਿ ਕੋਸ਼ਿਸ਼ਾਂ ਦੇ ਬਾਵਜੂਦ ਇਕ ਸਾਲ ‘ਚ 1.68 ਲੱਖ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਦੰਗਿਆਂ ‘ਚ ਨਹੀਂ ਸਗੋਂ ਸੜਕ ਹਾਦਸਿਆਂ ‘ਚ ਮਾਰੇ ਗਏ ਸਨ | ਇਨ੍ਹਾਂ 60 ਫੀਸਦੀ ਮਰਨ ਵਾਲਿਆਂ ‘ਚ ਨੌਜਵਾਨ ਲੜਕੇ ਅਤੇ ਲੜਕੀਆਂ ਸਨ |

ਕੇਂਦਰੀ ਮੰਤਰੀ ਨੇ ਕਿਹਾ ਕਿ “ਜਦੋਂ ਮੈਂ ਮਹਾਰਾਸ਼ਟਰ (ਵਿਧਾਨ ਪ੍ਰੀਸ਼ਦ) ਵਿੱਚ ਵਿਰੋਧੀ ਧਿਰ ਦਾ ਆਗੂ ਸੀ, ਤਾਂ ਮੈਂ ਇੱਕ ਸੜਕ ਹਾਦਸੇ ‘ਚ ਜ਼ਖਮੀ ਹੋ ਗਿਆ ਸੀ ਅਤੇ ਮੇਰੀਆਂ ਹੱਡੀਆਂ ਚਾਰ ਥਾਵਾਂ ਤੋਂ ਟੁੱਟ ਗਈਆਂ ਸਨ। ਮੈਂ ਇਸ ਸਥਿਤੀ ਨੂੰ ਸਮਝਦਾ ਹਾਂ।” ਮੰਤਰੀ ਨੇ ਸੰਸਦ ਮੈਂਬਰਾਂ ਨੂੰ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ |

ਸਾਲ 2022 ‘ਚ ਸੜਕ ਹਾਦਸਿਆਂ (Road Accidents)ਦੇ ਅੰਕੜੇ

ਜਿਕਰਯੋਗ ਹੈ ਕਿ ਸਾਲ 2022 ਲਈ ਕੇਂਦਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ‘ਚ ਸੜਕ ਹਾਦਸੇ (Road accidents) ਇੱਕ ਨਵੇਂ ਉੱਚੇ ਪੱਧਰ ‘ਤੇ ਪਹੁੰਚ ਗਏ ਸਨ । ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਦੁਆਰਾ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਭਾਰਤ ‘ਚ ਕੁੱਲ 4,61,312 ਸੜਕ ਹਾਦਸੇ ਦਰਜ ਕੀਤੇ ਗਏ ਸਨ।

ਇਨ੍ਹਾਂ ਹਾਦਸਿਆਂ ਵਿੱਚ 1,68,491 ਜਣਿਆਂ ਦੀ ਜਾਨ ਚਲੀ ਗਈ ਸੀ । ਜਦੋਂ ਕਿ ਇਨ੍ਹਾਂ ਸੜਕ ਹਾਦਸਿਆਂ ‘ਚ ਕਰੀਬ 4.45 ਲੱਖ ਜ਼ਖ਼ਮੀ ਵੀ ਹੋਏ ਸਨ। ‘ਰੋਡ ਐਕਸੀਡੈਂਟਸ ਇਨ ਇੰਡੀਆ – 2022’ ਸਿਰਲੇਖ ਵਾਲੀ ਰਿਪੋਰਟ ‘ਚ ਕਿਹਾ ਗਿਆ ਸੀ ਕਿ 2021 ਦੇ ਮੁਕਾਬਲੇ ਭਾਰਤ ‘ਚ ਹਾਦਸਿਆਂ ਦੀ ਗਿਣਤੀ ‘ਚ ਲਗਭਗ 12 ਫੀਸਦੀ ਦਾ ਵਾਧਾ ਹੋਇਆ, ਜਦਕਿ ਮੌਤਾਂ ਦੀ ਗਿਣਤੀ ‘ਚ 9.4 ਫੀਸਦੀ ਦਾ ਵਾਧਾ ਹੋਇਆ । 2022 ‘ਚ ਜ਼ਖਮੀਆਂ ਦੀ ਗਿਣਤੀ ‘ਚ 15.3 ਫੀਸਦੀ ਦਾ ਵਾਧਾ ਹੋਇਆ । ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਪੁਲਿਸ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਧਾਰ ‘ਤੇ ਸੜਕ ਹਾਦਸਿਆਂ (Road accidents) ‘ਤੇ ਇਹ ਸਾਲਾਨਾ ਰਿਪੋਰਟ ਤਿਆਰ ਕਰਦਾ ਹੈ।

ਤੇਜ਼ ਰਫਤਾਰ ਬਣ ਰਹੀ ਹੈ ਜਾਨਲੇਵਾ

ਤੇਜ਼ ਰਫਤਾਰ ਅਜੇ ਵੀ ਭਾਰਤੀ ਸੜਕਾਂ ‘ਤੇ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। 2022 ‘ਚ ਵਾਪਰੇ ਤਕਰੀਬਨ 75 ਫੀਸਦੀ ਹਾਦਸਿਆਂ ਦਾ ਇਹੀ ਕਾਰਨ ਹੈ। ਸੜਕ ਹਾਦਸਿਆਂ ਦੇ ਵੱਧ ਰਹੇ ਮਾਮਲਿਆਂ ਪਿੱਛੇ ਗਲਤ ਪਾਸੇ ਤੋਂ ਡਰਾਈਵਿੰਗ ਵੀ ਸਭ ਤੋਂ ਵੱਡਾ ਕਾਰਨ ਹੈ, ਜਿਸ ਦਾ ਯੋਗਦਾਨ ਲਗਭਗ ਛੇ ਫੀਸਦੀ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਅਤੇ ਗੱਡੀ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਦੋ ਹੋਰ ਪ੍ਰਮੁੱਖ ਕਾਰਕ ਹਨ ਜੋ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਚਾਰ ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾਉਂਦੇ ਹਨ।

Read More: ਸੰਸਦ ‘ਚ ਕਾਂਗਰਸ ਦਾ ਵਤੀਰਾ ਸੰਸਦ ਦੀ ਮਰਿਆਦਾ ਦੇ ਮੁਤਾਬਕ ਨਹੀਂ: ਕਿਰਨ ਰਿਜਿਜੂ

 

Scroll to Top