AstraZeneca ਦੀ ਕੋਰੋਨਾ ਵੈਕਸੀਨ ਨਾਲ ਹਾਰਟ ਅਟੈਕ ਦਾ ਖਤਰਾ, ਕੰਪਨੀ ਨੇ ਅਦਾਲਤ ‘ਚ ਮੰਨਿਆ

AstraZeneca

ਚੰਡੀਗੜ੍ਹ, 30 ਅਪ੍ਰੈਲ 2024: ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਐਸਟਰਾਜੇਨੇਕਾ ਨੇ ਮੰਨਿਆ ਹੈ ਕਿ ਇਸ ਦੀ ਕੋਵਿਡ-19 ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। ਹਾਲਾਂਕਿ, ਇਹ ਬਹੁਤ ਘੱਟ ਮਾਮਲਿਆਂ ਵਿੱਚ ਹੀ ਵਾਪਰਦਾ ਹੈ। ਭਾਰਤ ਵਿੱਚ ਸੀਰਮ ਇੰਸਟੀਚਿਊਟ ਨੇ ਐਸਟਰਾਜੇਨੇਕਾ (AstraZeneca) ਦੇ ਫਾਰਮੂਲੇ ਤੋਂ ਕੋਵਿਸ਼ਿਲਡ ਨਾਮ ਦੀ ਇੱਕ ਵੈਕਸੀਨ ਬਣਾਈ ਹੈ।

ਬ੍ਰਿਟਿਸ਼ ਮੀਡੀਆ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਐਸਟਰਾਜੇਨੇਕਾ ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਟੀਕੇ ਕਾਰਨ ਕਈ ਜਣਿਆਂ ਦੀ ਮੌਤ ਹੋਈ ਹੈ। ਕਈਆਂ ਨੂੰ ਗੰਭੀਰ ਬਿਮਾਰੀਆਂ ਜਿਵੇਂ, ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦਾ ਖਤਰਾ ਹੈ । ਕੰਪਨੀ ਖ਼ਿਲਾਫ਼ ਹਾਈ ਕੋਰਟ ਵਿੱਚ 51 ਕੇਸ ਚੱਲ ਰਹੇ ਹਨ। ਪੀੜਤਾਂ ਨੇ ਐਸਟਰਾਜ਼ੇਨੇਕਾ ਤੋਂ ਕਰੀਬ 1 ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਬ੍ਰਿਟਿਸ਼ ਹਾਈ ਕੋਰਟ ਨੂੰ ਸੌਂਪੇ ਗਏ ਦਸਤਾਵੇਜ਼ਾਂ ਵਿੱਚ, ਕੰਪਨੀ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਕੁਝ ਮਾਮਲਿਆਂ ਵਿੱਚ ਥ੍ਰੋਮੋਸਿਸ ਥ੍ਰੋਮੋਸਾਈਟੋਪੇਨੀਆ ਸਿੰਡਰੋਮ ਯਾਨੀ ਟੀਟੀਐਸ ਦਾ ਕਾਰਨ ਬਣ ਸਕਦੀ ਹੈ। ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੇ ਥੱਕੇ ਬਣ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ।

ਅਪ੍ਰੈਲ 2021 ਵਿੱਚ ਜੈਮੀ ਸਕਾਟ ਨਾਮ ਦੇ ਇੱਕ ਵਿਅਕਤੀ ਨੇ ਇਹ ਵੈਕਸੀਨ ਲਗਵਾਈ ਸੀ, ਉਸਨੇ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਸਰੀਰ ਵਿੱਚ ਖੂਨ ਦੇ ਥੱਕੇ ਬਣਨ ਦਾ ਸਿੱਧਾ ਅਸਰ ਉਸ ਦੇ ਦਿਮਾਗ ‘ਤੇ ਪਿਆ ਅਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਕੰਪਨੀ ਨੇ ਪਹਿਲਾਂ ਦਾਅਵਿਆਂ ਤੋਂ ਇਨਕਾਰ ਕੀਤਾ, ਫਿਰ ਮੰਨਿਆ

ਪਿਛਲੇ ਸਾਲ ਸਕਾਟ ਨੇ ਐਸਟਰਾਜ਼ੇਨੇਕਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਮਈ 2023 ਵਿੱਚ, ਸਕਾਟ ਦੇ ਦੋਸ਼ਾਂ ਦੇ ਜਵਾਬ ਵਿੱਚ, ਕੰਪਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵੈਕਸੀਨ ਟੀਟੀਐਸ ਦਾ ਕਾਰਨ ਨਹੀਂ ਬਣ ਸਕਦੀ। ਕੰਪਨੀ ਨੇ ਇਸ ਸਾਲ ਫਰਵਰੀ ‘ਚ ਹਾਈ ਕੋਰਟ ‘ਚ ਪੇਸ਼ ਕੀਤੇ ਗਏ ਕਾਨੂੰਨੀ ਦਸਤਾਵੇਜ਼ਾਂ ‘ਚ ਇਸ ਦਾਅਵੇ ਨੂੰ ਵਾਪਸ ਲੈ ਲਿਆ ਸੀ। ਇਨ੍ਹਾਂ ਦਸਤਾਵੇਜ਼ਾਂ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।

ਹਾਲਾਂਕਿ ਕੰਪਨੀ ਦੇ ਕੋਲ ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਵੈਕਸੀਨ ‘ਚ ਇਸ ਬੀਮਾਰੀ ਦਾ ਕਾਰਨ ਕੀ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਕਾਟ ਦੇ ਵਕੀਲ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਐਸਟਰਾਜ਼ੇਨੇਕਾ-ਆਕਸਫੋਰਡ ਵੈਕਸੀਨ ਵਿੱਚ ਖਾਮੀਆਂ ਹਨ ਅਤੇ ਇਸਦੀ ਪ੍ਰਭਾਵਸ਼ੀਲਤਾ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ।

ਵਿਗਿਆਨੀਆਂ ਨੇ ਪਹਿਲੀ ਵਾਰ ਮਾਰਚ 2021 ਵਿੱਚ ਇੱਕ ਨਵੀਂ ਬਿਮਾਰੀ, ਵੈਕਸੀਨ-ਪ੍ਰੇਰਿਤ ਇਮਿਊਨ ਥ੍ਰੋਮੋਬਸਿਸ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ (VITT) ਦੀ ਪਛਾਣ ਕੀਤੀ। ਪੀੜਤਾਂ ਨਾਲ ਜੁੜੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਵੀਆਈਟੀਟੀ ਅਸਲ ਵਿੱਚ ਟੀਟੀਐਸ ਦਾ ਇੱਕ ਉਪ ਸਮੂਹ ਹੈ। ਹਾਲਾਂਕਿ, ਐਸਟਰਾਜੇਨੇਕਾ ਨੇ ਇਸ ਨੂੰ ਰੱਦ ਕਰ ਦਿੱਤਾ ਹੈ।

ਐਸਟਰਾਜੇਨੇਕਾ ਨੇ ਕਿਹਾ, “ਸਾਡੀ ਸੰਵੇਦਨਾ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਜਾਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ । ਮਰੀਜ਼ਾਂ ਦੀ ਸੁਰੱਖਿਆ ਸਾਡੀ ਤਰਜੀਹ ਹੈ। ਸਾਡੀ ਰੈਗੂਲੇਟਰੀ ਅਥਾਰਟੀ ਸਾਰੀਆਂ ਦਵਾਈਆਂ ਅਤੇ ਟੀਕਿਆਂ ਦੀ ਸੁਰੱਖਿਅਤ ਵਰਤੋਂ ਲਈ ਸਾਰੇ ਮਾਪਦੰਡਾਂ ਦੀ ਪਾਲਣਾ ਕਰਦੀ ਹੈ।”

ਕੰਪਨੀ ਨੇ ਅੱਗੇ ਕਿਹਾ, “ਵੱਖ-ਵੱਖ ਦੇਸ਼ਾਂ ਦੇ ਕਲੀਨਿਕਲ ਅਜ਼ਮਾਇਸ਼ਾਂ ਅਤੇ ਅੰਕੜਿਆਂ ਨੇ ਸਾਬਤ ਕੀਤਾ ਹੈ ਕਿ ਸਾਡੀ ਵੈਕਸੀਨ ਸੁਰੱਖਿਆ ਦੇ ਮਾਪਦੰਡਾਂ ਨੂੰ ਪੂਰਾ ਕਰਦੀ ਹੈ। ਦੁਨੀਆ ਭਰ ਦੇ ਰੈਗੂਲੇਟਰਾਂ ਨੇ ਇਹ ਵੀ ਮੰਨਿਆ ਹੈ ਕਿ ਵੈਕਸੀਨ ਦੇ ਫਾਇਦੇ ਇਸ ਦੇ ਦੁਰਲੱਭ ਮਾੜੇ ਪ੍ਰਭਾਵਾਂ ਤੋਂ ਜ਼ਿਆਦਾ ਹਨ।”

ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਪ੍ਰੈਲ 2021 ‘ਚ ਹੀ ਉਨ੍ਹਾਂ ਨੇ ਉਤਪਾਦ ਦੀ ਜਾਣਕਾਰੀ ‘ਚ ਕੁਝ ਮਾਮਲਿਆਂ ‘ਚ TTS ਦੇ ਖਤਰੇ ਨੂੰ ਸ਼ਾਮਲ ਕੀਤਾ ਸੀ। ਕਈ ਅਧਿਐਨਾਂ ਵਿੱਚ ਇਹ ਸਾਬਤ ਹੋਇਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਐਸਟਰਾਜ਼ੇਨੇਕਾ ਵੈਕਸੀਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੇ ਸਾਲ ਵਿੱਚ ਇਸ ਨੇ ਲਗਭਗ 60 ਲੱਖ ਜਣਿਆਂ ਦੀ ਜਾਨ ਬਚਾਈ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਵੀ ਕਿਹਾ ਸੀ ਕਿ ਇਹ ਟੀਕਾ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਇਸ ਦੀ ਸ਼ੁਰੂਆਤ ਦੇ ਸਮੇਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਨੂੰ ਬ੍ਰਿਟਿਸ਼ ਵਿਗਿਆਨ ਲਈ ਇੱਕ ਵੱਡੀ ਜਿੱਤ ਕਿਹਾ ਸੀ।

ਖਾਸ ਗੱਲ ਇਹ ਹੈ ਕਿ ਬ੍ਰਿਟੇਨ ‘ਚ ਹੁਣ ਇਸ ਵੈਕਸੀਨ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਵਿਗਿਆਨੀਆਂ ਨੂੰ ਇਸ ਟੀਕੇ ਦੇ ਬਾਜ਼ਾਰ ‘ਚ ਲਾਂਚ ਹੋਣ ਤੋਂ ਕੁਝ ਮਹੀਨਿਆਂ ਬਾਅਦ ਹੀ ਇਸ ਦੇ ਖਤਰੇ ਦਾ ਅਹਿਸਾਸ ਹੋ ਗਿਆ ਸੀ। ਇਸ ਤੋਂ ਬਾਅਦ ਇਹ ਸੁਝਾਅ ਦਿੱਤਾ ਗਿਆ ਕਿ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕਿਸੇ ਹੋਰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇ। ਅਜਿਹਾ ਇਸ ਲਈ ਕਿਉਂਕਿ ਐਸਟਰਾਜੇਨੇਕਾ ਵੈਕਸੀਨ ਨਾਲ ਹੋਣ ਵਾਲਾ ਨੁਕਸਾਨ ਕੋਰੋਨਾ ਦੇ ਖ਼ਤਰੇ ਤੋਂ ਜ਼ਿਆਦਾ ਸੀ।

ਮੈਡੀਸਨ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ (ਐਮਐਚਆਰਏ) ਦੇ ਅਨੁਸਾਰ, ਬ੍ਰਿਟੇਨ ਵਿੱਚ 81 ਅਜਿਹੇ ਕੇਸ ਹਨ ਜਿਨ੍ਹਾਂ ਵਿੱਚ ਇਹ ਸ਼ੱਕ ਹੈ ਕਿ ਲੋਕਾਂ ਦੀ ਮੌਤ ਵੈਕਸੀਨ ਦੇ ਕਾਰਨ ਖੂਨ ਦੇ ਥੱਕੇ ਕਾਰਨ ਹੋਈ ਹੈ। MHRA ਦੇ ਅਨੁਸਾਰ, ਮਾੜੇ ਪ੍ਰਭਾਵਾਂ ਤੋਂ ਪੀੜਤ ਹਰ ਪੰਜ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਰਿਪੋਰਟ ਮੁਤਾਬਕ ਫ੍ਰੀਡਮ ਆਫ ਇਨਫਰਮੇਸ਼ਨ ਰਾਹੀਂ ਹਾਸਲ ਕੀਤੇ ਅੰਕੜਿਆਂ ਮੁਤਾਬਕ ਫਰਵਰੀ ‘ਚ ਬਰਤਾਨੀਆ ‘ਚ 163 ਜਣਿਆਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ। ਇਹਨਾਂ ਵਿੱਚੋਂ, 158 ਉਹ ਸਨ ਜਿਨ੍ਹਾਂ ਨੇ ਐਸਟਰਾਜ਼ੇਨੇਕਾ ਵੈਕਸੀਨ ਪ੍ਰਾਪਤ ਕੀਤੀ ਸੀ।

ਜਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ, ਫਾਰਮਾਸਿਊਟੀਕਲ ਕੰਪਨੀ ਐਸਟਰਾਜੇਨੇਕਾ ਨੇ ਇਸ ਵਾਇਰਸ ਨੂੰ ਰੋਕਣ ਲਈ ਆਕਸਫੋਰਡ ਦੇ ਨਾਲ ਮਿਲ ਕੇ ਕੋਵਿਡ ਵੈਕਸੀਨ ਬਣਾਈ ਸੀ। ਜਦੋਂ ਕਿ ਭਾਰਤ ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਨੇ ਐਸਟਰਾਜੇਨੇਕਾ (AstraZeneca) ਨਾਲ ਸਮਝੌਤੇ ਵਿੱਚ (Covishield) ਵੈਕਸੀਨ ਬਣਾਈ ਸੀ। ਇਸ ਤੋਂ ਬਾਅਦ ਦੇਸ਼ ਦੇ ਅੱਧੇ ਤੋਂ ਵੱਧ ਜਣਿਆ ਨੂੰ ਕੋਵਿਸ਼ੀਲਡ ਵੈਕਸੀਨ ਦਿੱਤੀ ਗਈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।