ਸਪੋਰਟਸ, 8 ਨਵੰਬਰ 2025: Rishabh Pant News: ਭਾਰਤ ਏ ਦੇ ਕਪਤਾਨ ਰਿਸ਼ਭ ਪੰਤ ਨੂੰ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਏ ਖ਼ਿਲਾਫ ਬੈਂਗਲੁਰੂ ‘ਚ ਦੂਜੇ ਅਣਅਧਿਕਾਰਤ ਟੈਸਟ ਦੇ ਤੀਜੇ ਦਿਨ ਸੱਟ ਲੱਗਣ ਤੋਂ ਬਾਅਦ ਮੈਦਾਨ ਛੱਡਣਾ ਪਿਆ। ਇਹ ਮੈਚ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ‘ਚ ਖੇਡਿਆ ਜਾ ਰਿਹਾ ਸੀ, ਜਿੱਥੇ ਭਾਰਤ ਏ ਚਾਰ ਵਿਕਟਾਂ ‘ਤੇ 108 ਦੌੜਾਂ ‘ਤੇ ਜੂਝ ਰਿਹਾ ਸੀ।
ਸਵੇਰ ਦੇ ਸੈਸ਼ਨ ‘ਚ ਰਿਸ਼ਭ ਪੰਤ ਨੂੰ ਖੱਬੇ ਹੱਥ ‘ਚ ਸੱਟ ਲੱਗੀ ਅਤੇ ਫਿਰ ਥੋੜ੍ਹੀ ਦੇਰ ਬਾਅਦ ਗਰਾਈਨ ਏਰੀਏ ‘ਚ ਸੱਟ ਲੱਗੀ ਹੈ। ਦੋਵੇਂ ਵਾਰ ਗੇਂਦਬਾਜ਼ ਸ਼ੇਪੋ ਮੋਰੇਕੀ ਸੀ। ਦੋ ਮੈਡੀਕਲ ਬ੍ਰੇਕਾਂ ਤੋਂ ਬਾਅਦ ਵੀ ਦਰਦ ਜਾਰੀ ਰਹਿਣ ਕਾਰਨ ਪੰਤ ਨੂੰ ਹਰਟ ਤੋਂ ਰਿਟਾਇਰ ਹੋਣਾ ਪਿਆ। ਧਰੁਵ ਜੁਰੇਲ ਉਸਦੀ ਜਗ੍ਹਾ ਬੱਲੇਬਾਜ਼ੀ ਕਰਨ ਲਈ ਆਏ।
ਇਹ ਸੀਰੀਜ਼ ਪੰਤ ਲਈ ਮਹੱਤਵਪੂਰਨ ਮੰਨੀ ਜਾ ਰਹੀ ਸੀ, ਕਿਉਂਕਿ ਉਹ ਤਿੰਨ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਮੈਦਾਨ ‘ਚ ਵਾਪਸ ਆਇਆ ਸੀ। ਜੁਲਾਈ ‘ਚ ਐਂਡਰਸਨ-ਤੇਂਦੁਲਕਰ ਟਰਾਫੀ ਦੌਰਾਨ ਉਸਦੀ ਲੱਤ ‘ਚ ਫ੍ਰੈਕਚਰ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਹੋਈ। ਇਸ ਟੈਸਟ ਸੀਰੀਜ਼ ਨੂੰ ਪੰਤ ਦੀ ਫਿਟਨੈਸ ਦੀ ਜਾਂਚ ਵਜੋਂ ਦੇਖਿਆ ਜਾ ਰਿਹਾ ਸੀ। ਹਾਲਾਂਕਿ, ਪੰਤ ਦੀ ਸੱਟ ਬਾਰੇ ਅਪਡੇਟ ਦੀ ਫਿਲਹਾਲ ਬੀਸੀਸੀਆਈ ਤੋਂ ਉਡੀਕ ਹੈ।
ਇਸ ਤੋਂ ਪਹਿਲਾਂ, ਪਹਿਲੇ ਅਣਅਧਿਕਾਰਤ ਟੈਸਟ ‘ਚ ਪੰਤ ਨੇ ਸ਼ਾਨਦਾਰ 90 ਦੌੜਾਂ (113 ਗੇਂਦਾਂ ਵਿੱਚ) ਬਣਾਈਆਂ, ਜਿਸ ਨਾਲ ਭਾਰਤ ਏ ਨੂੰ ਤਿੰਨ ਵਿਕਟਾਂ ਨਾਲ ਜਿੱਤ ਮਿਲੀ। ਉਸ ਪਾਰੀ ਨੇ ਪੰਤ ਦੀ ਲੈਅ ਅਤੇ ਆਤਮਵਿਸ਼ਵਾਸ ਦੋਵਾਂ ਨੂੰ ਬਹਾਲ ਕਰ ਦਿੱਤਾ, ਪਰ ਦੂਜੇ ਟੈਸਟ ‘ਚ ਲੱਗੀ ਇੱਕ ਨਵੀਂ ਸੱਟ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਬੀਸੀਸੀਆਈ ਨੇ ਹਾਲ ਹੀ ‘ਚ ਪੰਤ ਨੂੰ ਭਾਰਤ ਦੀ ਸੀਨੀਅਰ ਟੈਸਟ ਟੀਮ ‘ਚ ਸ਼ਾਮਲ ਕੀਤਾ ਹੈ, ਜੋ 14 ਤੋਂ 18 ਨਵੰਬਰ ਤੱਕ ਕੋਲਕਾਤਾ ਦੇ ਈਡਨ ਗਾਰਡਨ ‘ਚ ਦੱਖਣੀ ਅਫਰੀਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਦੂਜਾ ਟੈਸਟ 22 ਤੋਂ 26 ਨਵੰਬਰ ਤੱਕ ਗੁਹਾਟੀ ‘ਚ ਹੋਣਾ ਤੈਅ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਪੰਤ ਦੀ ਸੱਟ ਕਿੰਨੀ ਗੰਭੀਰ ਹੈ ਅਤੇ ਕੀ ਉਹ ਸੀਨੀਅਰ ਟੀਮ ਲਈ ਫਿੱਟ ਹੋਵੇਗਾ।
Read More: ਐੱਮਐੱਸ ਧੋਨੀ IPL 2026 ‘ਚ ਖੇਡਣਗੇ, ਚੇਨਈ ਸੁਪਰ ਕਿੰਗਜ਼ ਦੇ CEO ਵੱਲੋਂ ਪੁਸ਼ਟੀ




