RIMC

RIMC: ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ‘ਚ ਦਾਖਲੇ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ

ਚੰਡੀਗੜ੍ਹ, 18 ਜਨਵਰੀ 2025: ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (National Indian Military College Dehradun) (RIMC) ਦੇਹਰਾਦੂਨ ‘ਚ ਜਨਵਰੀ 2026 ਟਰਮ ਦੇ ਦਾਖਲੇ ਲਈ ਲਿਖਤੀ ਪ੍ਰੀਖਿਆ ਦਿਨ ਐਤਵਾਰ 01 ਜੂਨ 2025 ਨੂੰ ਕਰਵਾਈ ਜਾਵੇਗੀ | ਇਹ ਪ੍ਰੀਖਿਆ ਚੰਡੀਗੜ੍ਹ ਦੇ ਲਾਲਾ ਲਾਜਪਤ ਰਾਏ ਭਵਨ, ਸੈਕਟਰ-15 ਵਿਖੇ ਹੋਵੇਗੀ | ਇਸ ਸੰਬੰਧੀ ਜਾਣਕਾਰੀ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ ਵੱਲੋਂ ਸਾਂਝੀ ਕੀਤੀ ਹੈ |

ਬੁਲਾਰੇ ਨੇ ਦੱਸਿਆ ਕਿ ਮੁੰਡੇ ਅਤੇ ਕੁੜੀਆਂ ਦੋਵੇਂ ਹੀ RIMC, ਦੇਹਰਾਦੂਨ ‘ਚ ਦਾਖਲੇ ਲਈ ਅਰਜ਼ੀ ਦੇ ਸਕਦੇ ਹਨ। ਬਿਨੈਕਾਰਾਂ ਦੀ ਜਨਮ ਮਿਤੀ 2 ਜਨਵਰੀ 2013 ਤੋਂ 1 ਜੁਲਾਈ 2014 (ਦੋਵੇਂ ਤਾਰੀਖਾਂ ਸਮੇਤ) ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ‘ਚ 7ਵੀਂ ਜਮਾਤ ‘ਚ ਪੜ੍ਹਦਾ ਹੋਣਾ ਚਾਹੀਦਾ ਹੈ ਜਾਂ 7ਵੀਂ ਜਮਾਤ ਪਾਸ ਹੋਣੀ ਚਾਹੀਦੀ ਹੈ। ਚੁਣੇ ਉਮੀਦਵਾਰਾਂ ਨੂੰ ਅੱਠਵੀਂ ਜਮਾਤ ‘ਚ ਦਾਖਲਾ ਦਿੱਤਾ ਜਾਵੇਗਾ।

ਪ੍ਰੀਖਿਆ ‘ਚ ਤਿੰਨ ਪ੍ਰਸ਼ਨ ਪੱਤਰ ਹੋਣਗੇ, ਜਿਨ੍ਹਾਂ ‘ਚ ਅੰਗਰੇਜ਼ੀ, ਗਣਿਤ ਅਤੇ ਸਧਾਰਨ ਗਿਆਨ ਸ਼ਾਮਲ ਹੈ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਮੌਖਿਕ ਪ੍ਰੀਖਿਆ ਲਈ ਬੁਲਾਇਆ ਜਾਵੇਗਾ ਅਤੇ ਮੌਖਿਕ ਪ੍ਰੀਖਿਆ ਦਾ ਸ਼ਡਿਊਲ ਬਾਅਦ ‘ਚ ਸੂਚਿਤ ਕੀਤਾ ਜਾਵੇਗਾ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਇੱਕ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in ‘ਤੇ ਉਪਲੱਬਧ ਹੈ ਅਤੇ ਜਨਰਲ ਉਮੀਦਵਾਰ 600 ਰੁਪਏ ਅਤੇ ਐਸ.ਸੀ./ਐਸ.ਟੀ. ਉਮੀਦਵਾਰ 555 ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਭੁਗਤਾਨ ਉਪਰੰਤ, ਉਪਰੋਕਤ ਸਮੱਗਰੀ ਸਪੀਡ ਪੋਸਟ ਰਾਹੀਂ ਭੇਜੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਪੁਰਾਣੇ ਪ੍ਰਸ਼ਨ ਪੱਤਰਾਂ ਦੀ ਕਿਤਾਬ ਅਤੇ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਐਸਸੀ/ਐਸਟੀ ਉਮੀਦਵਾਰਾਂ ਲਈ 555 ਰੁਪਏ (ਜਾਤੀ ਸਰਟੀਫਿਕੇਟ ਦੇ ਨਾਲ) ਦੇ ਡਿਮਾਂਡ ਡਰਾਫਟ ਦੁਆਰਾ ਲਿਖਤੀ ਬੇਨਤੀ ਭੇਜ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਹ ਡਿਮਾਂਡ ਡਰਾਫਟ “ਕਮਾਂਡੈਂਟ RIMC ਫੰਡ” ਦੇ ਹੱਕ ‘ਚ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਤੇ HDFC ਬੈਂਕ, ਦਰਾਵੀ ਸ਼ਾਖਾ, ਬੱਲੂਪੁਰ ਚੌਕ, ਦੇਹਰਾਦੂਨ (ਬੈਂਕ ਕੋਡ 1399), ਉੱਤਰਾਖੰਡ ਵਿਖੇ ਭੁਗਤਾਨਯੋਗ ਹੋਣਾ ਚਾਹੀਦਾ ਹੈ। ਅਰਜ਼ੀ ਫਾਰਮ ‘ਚ ਬਿਨੈਕਾਰ ਦਾ ਪੂਰਾ ਪਤਾ, ਪਿੰਨ ਕੋਡ ਅਤੇ ਸੰਪਰਕ ਨੰਬਰ ਸਮੇਤ, ਵੱਡੇ ਅੱਖਰਾਂ ‘ਚ ਲਿਖਿਆ ਹੋਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਅਰਜ਼ੀਆਂ ਦੋਹਰੇ ਰੂਪ ‘ਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਰਜ਼ੀ ਦੇ ਨਾਲ ਜਨਮ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਐਸਸੀ/ਐਸਟੀ ਸਰਟੀਫਿਕੇਟ (ਜੇ ਲਾਗੂ ਹੋਵੇ), ਤਿੰਨ ਪਾਸਪੋਰਟ ਆਕਾਰ ਦੀਆਂ ਫੋਟੋਆਂ, ਆਧਾਰ ਕਾਰਡ ਦੀ ਫੋਟੋਕਾਪੀ (ਦੋਵੇਂ ਪਾਸੇ) ਅਤੇ ਇੱਕ ਪ੍ਰਮਾਣਿਤ ਸਰਟੀਫਿਕੇਟ ਹੋਣਾ ਚਾਹੀਦਾ ਹੈ। ਮੌਜੂਦਾ ਸਕੂਲ ਦੇ ਪ੍ਰਿੰਸੀਪਲ ਦੁਆਰਾ ਬੱਚੇ ਦੀ ਜਨਮ ਮਿਤੀ ਅਤੇ ਕਲਾਸ ਦਾ ਜ਼ਿਕਰ ਕਰਦੇ ਹੋਏ, ਨੱਥੀ ਕੀਤੀ ਜਾਣੀ ਚਾਹੀਦੀ ਹੈ।

ਬੁਲਾਰੇ ਨੇ ਦੱਸਿਆ ਕਿ ਪੂਰੀਆਂ ਅਰਜ਼ੀਆਂ 31 ਮਾਰਚ, 2025 ਨੂੰ ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਪੰਜਾਬ ਸੈਨਿਕ ਭਵਨ, ਸੈਕਟਰ 21-ਡੀ, ਚੰਡੀਗੜ੍ਹ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ। ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

Read More: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟਾਂ ਦੀ NDA ਤੇ ਹੋਰ ਰੱਖਿਆ ਅਕੈਡਮੀਆਂ ‘ਚ ਹੋਈ ਚੋਣ

Scroll to Top